ਕੈਨੇਡਾ ਵਿੱਚ ਪਾਸ ਹੋਇਆ ਪੱਗ ਦਿਵਸ ਮਨਾਉਣ ਸਬੰਧੀ ਕਾਨੂੰਨ

ਹੁਣ ਹਰ ਸਾਲ 13 ਅਪ੍ਰੈਲ ਨੂੰ ਪੂਰੇ ਸੂਬੇ ਵਿੱਚ ਪੱਗ ਦਿਵਸ ਮਨਾਇਆ ਜਾਵੇਗਾ।
ਕੈਨੇਡਾ ਵਿੱਚ ਪਾਸ ਹੋਇਆ ਪੱਗ ਦਿਵਸ ਮਨਾਉਣ ਸਬੰਧੀ ਕਾਨੂੰਨ
Updated on
2 min read

ਕੈਨੇਡਾ ਦੇ ਸੂਬੇ ਮਨੀਟੋਬਾ ਦੀ ਵਿਧਾਨ ਸਭਾ ਦੇ ਵਿੱਚ ਪੱਗ ਦਿਵਸ ਨੂੰ ਮਨਾਉਣ ਸਬੰਧੀ ਕਾਨੂੰਨ ਪਾਸ ਹੋ ਗਿਆ ਹੈ ਅਤੇ ਹੁਣ ਹਰ ਸਾਲ 13 ਅਪ੍ਰੈਲ ਨੂੰ ਪੂਰੇ ਸੂਬੇ ਵਿੱਚ ਪੱਗ ਦਿਵਸ ਮਨਾਇਆ ਜਾਵੇਗਾ। ਮਨੀਟੋਬਾ ਦੇ ਹਲਕੇ ਬੁਰੋਜ਼ ਦੇ ਐਮਐਲਏ ਦਲਜੀਤ ਸਿੰਘ ਬਰਾੜ ਵੱਲੋਂ ਇਸ ਕਾਨੂੰਨ ਸਬੰਧੀ ਬਿੱਲ ਨੂੰ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਬਿੱਲ ਨੂੰ ਪਾਸ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਜ਼ਰੀਏ ਕੈਨੇਡਾ ਦੀ ਬਹੁ ਧਰਮੀ ਅਤੇ ਮਲਟੀਕਲਚਰਲਿਜ਼ਮ ਦਾ ਪਤਾ ਲੱਗੇਗਾ।

ਪੱਗ ਦਿਵਸ ਐਕਟ ਨੂੰ ਮਨੀਟੋਬਾ ਦੀ ਵਿਧਾਨ ਸਭਾ ਦੇ ਵਿੱਚ ਬਤੌਰ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਗਿਆ ਸੀ। ਇਸ ਬਿੱਲ ਦੀ ਪਹਿਲੀ ਰੀਡਿੰਗ 24 ਮਾਰਚ 2022 ਨੂੰ ਹੋਈ ਸੀ ਅਤੇ ਦੂਜੀ ਰੀਡਿੰਗ 7 ਅਪ੍ਰੈਲ ਅਤੇ ਤੀਜੀ ਰੀਡਿੰਗ 26 ਮਈ ਨੂੰ ਹੋਈ ਸੀ। 1 ਜੂਨ ਨੂੰ ਇਸ ਬਿੱਲ ਨੂੰ ਰਾਇਲ ਅਸੈਂਟ ਮਿਲ ਗਈ ਅਤੇ ਇਹ ਬਿੱਲ ਕਾਨੂੰਨ ਬਣ ਗਿਆ।

ਦਿਲਜੀਤ ਸਿੰਘ ਬਰਾੜ ਜੋ ਕਿ ਨੈਸ਼ਨਲ ਡੈਮੋਕਰੈਟਿਕ ਪਾਰਟੀ ਵੱਲੋਂ ਐਮਐਲਏ ਹਨ ਨੇ ਕਿਹਾ ਕਿ ਭਾਵੇਂ ਨੈਸ਼ਨਲ ਡੈਮੋਕਰੇਟਿਕ ਪਾਰਟੀ ਮਨੀਟੋਬਾ ਸੂਬੇ ਵਿੱਚ ਵਿਰੋਧੀ ਧਿਰ ਹੈ ਪਰ ਫਿਰ ਵੀ ਇਸ ਬਿੱਲ ਨੂੰ ਸੱਤਾਧਾਰੀ ਪਾਰਟੀ ਦੇ ਬਿਨਾਂ ਕਿਸੇ ਵਿਰੋਧ ਤੋਂ ਪ੍ਰਸਤਾਵਿਤ ਕਰ ਲਿਆ ਗਿਆ ਹੈ। ਇਸ ਬਿਲ ਦੇ ਖ਼ਿਲਾਫ਼ ਕੋਈ ਵੀ ਵੋਟ ਨਹੀਂ ਪਈ ਸੀ। ਦੱਸਣਯੋਗ ਹੈ ਕਿ ਦਿਲਜੀਤ ਸਿੰਘ ਬਰਾੜ ਮੁਕਤਸਰ ਨਾਲ ਸੰਬੰਧ ਰੱਖਦੇ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੇ ਹੋਏ ਹਨ।

ਹੁਣ ਨਵੇਂ ਬਣੇ ਐਕਟ ਦੇ ਵਿੱਚ ਲਿਖਿਆ ਗਿਆ ਹੈ ਕਿ ਹਰ ਸਾਲ 13 ਅਪ੍ਰੈਲ ਨੂੰ ਮਨੀਟੋਬਾ ਵਿਖੇ ਪੱਗ ਦਿਵਸ ਮਨਾਇਆ ਜਾਵੇਗਾ। ਐਕਟ ਵਿੱਚ ਇਹ ਵੀ ਲਿਖਿਆ ਹੈ ਕਿ ਪੱਗ ਸਿੱਖਾਂ ਦੀ ਸਿਰਫ਼ ਧਾਰਮਿਕ ਚਿੰਨ੍ਹ ਹੀ ਨਹੀਂ ਬਲਕਿ ਉਨ੍ਹਾਂ ਲਈ ਇੱਜ਼ਤ ਵੀ ਹੈ। ਇਸ ਤੋਂ ਇਲਾਵਾ ਐਕਟ ਵਿੱਚ ਲਿਖਿਆ ਗਿਆ ਹੈ ਕਿ ਪੱਗ ਨੂੰ ਆਫਿਸ਼ੀਅਲ ਰੈਕੋਗਨੀਸ਼ਨ ਦੇਣ ਤੋਂ ਬਾਅਦ ਕੈਨੇਡਾ ਦੇ ਵਿੱਚ ਕੁਝ ਖੇਤਰਾਂ ਵਿੱਚ ਸਿੱਖਾਂ ਖ਼ਿਲਾਫ਼ ਹੋ ਰਹੀ ਰੇਸਿਜ਼ਮ ਦੇ ਉੱਤੇ ਵੀ ਰੋਕ ਲੱਗੇਗੀ।

13 ਅਪ੍ਰੈਲ ਦਾ ਦਿਨ ਵਿਸਾਖੀ ਦੇ ਕਾਰਨ ਚੁਣਿਆ ਗਿਆ ਹੈ ਕਿਉਂਕਿ 13 ਅਪ੍ਰੈਲ 1699 ਨੂੰ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ ਅਤੇ ਇਹ ਸਿੱਖਾਂ ਦਾ ਵੱਡਾ ਤਿਉਹਾਰ ਹੈ। ਪੱਗ ਬੰਨ੍ਹਣ ਦੀ ਪ੍ਰਥਾ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ 13 ਅਪ੍ਰੈਲ ਨੂੰ ਹੀ ਇੱਕ ਫਾਰਮਲ ਰੂਪ ਦਿੱਤਾ ਗਿਆ ਸੀ। ਇਸ ਦਿਵਸ ਦੇ ਆਉਣ ਨਾਲ ਪੂਰੇ ਵਿਸ਼ਵ ਦੇ ਵਿੱਚ ਵੀ ਸਿੱਖਾਂ ਤੇ ਹੋ ਰਹੇ ਧਾਰਮਿਕ ਅੱਤਿਆਚਾਰ ਦੇ ਉੱਤੇ ਕੁਝ ਹੱਦ ਤਕ ਠੱਲ੍ਹ ਪਵੇਗੀ।

ਇਸ ਤੋਂ ਇਲਾਵਾ ਅਪ੍ਰੈਲ ਦਾ ਮਹੀਨਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਕੈਨੇਡਾ ਦੀ ਕੇਂਦਰ ਸਰਕਾਰ ਵੱਲੋਂ ਇਸ ਬਿੱਲ ਨੂੰ 2019 ਵਿੱਚ ਪਾਸ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕੈਨੇਡਾ ਦੀ ਆਬਾਦੀ ਵਿੱਚ ਸਿੱਖਾਂ ਦਾ ਹਿੱਸਾ ਕੁੱਲ 1.5 ਫ਼ੀਸਦ ਦੇ ਕਰੀਬ ਹੈ ਪਰ ਕੈਨੇਡਾ ਦੀ ਸਰਕਾਰ ਦੇ ਵਿੱਚ ਸਿੱਖਾਂ ਕੋਲ ਕਾਫ਼ੀ ਮਹੱਤਵਪੂਰਨ ਅਹੁਦੇ ਹਨ। ਮੌਜੂਦਾ ਸਮੇਂ ਵਿਚ ਕੈਨੇਡਾ ਪੰਜਾਬੀਆਂ ਵਾਸਤੇ ਸਭ ਤੋਂ ਪਸੰਦੀਦਾ ਸਥਾਨ ਬਣਿਆ ਹੋਇਆ ਹੈ ਜਿੱਥੇ ਪੰਜਾਬੀ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਹੀ ਕੈਨੇਡਾ ਜਾ ਕੇ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Related Stories

No stories found.
logo
Punjab Today
www.punjabtoday.com