
ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ ਤੋਂ ਰਿਹਾ ਹੋਣ ਵਾਲੇ ਹਨ, ਹੁਣ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਇਕ ਵਾਰ ਫੇਰ ਮੋਰਚਾ ਸੰਭਾਲ ਲਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਲਈ ਟਿਕਟ ਦਿੰਦੀ ਹੈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਉਨ੍ਹਾਂ ਦੀ ਕਰਮ ਭੂਮੀ ਹੈ।
ਨਵਜੋਤ ਕੌਰ ਸਿੱਧੂ ਪਟਿਆਲਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਮਾਗਮ ਦੌਰਾਨ ਗੱਲਬਾਤ ਕਰ ਰਹੀ ਸੀ । ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਸੇਵਾ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਨੂੰ ਕਿਸੇ ਵੱਡੇ ਅਹੁਦੇ ਦੀ ਲੋੜ ਨਹੀਂ ਹੈ। ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ ਦੀ ਸੇਵਾ ਵਿੱਚ ਜੁਟ ਜਾਣਗੇ। ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਪਿਛਲੀ ਵਾਰ ਪਾਰਟੀ ਵਿੱਚੋਂ ਕੱਢੇ ਗਏ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਦਾ ਪੱਖ ਪੂਰਦਿਆਂ ਉਨ੍ਹਾਂ ਕਿਹਾ ਕਿ ਲਾਲੀ ਕਾਂਗਰਸ ਦਾ ਸੱਚਾ ਸੇਵਕ ਹੈ, ਜਿਸ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ।
ਲਾਲੀ ਹੁਣ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਪਣੀ ਮੁਹਿੰਮ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਇੱਥੇ ਉਹ ਲੋਕ ਵੀ ਹਨ, ਜਿਨ੍ਹਾਂ ਨੇ 5-5 ਸਾਲ ਰਾਜ ਦਾ ਆਨੰਦ ਮਾਣਿਆ ਅਤੇ ਜਦੋਂ ਪਾਰਟੀ ਨੂੰ ਸਭ ਤੋਂ ਵੱਧ ਲੋੜ ਪਈ ਤਾਂ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਚਲੇ ਗਏ। ਪਟਿਆਲਾ ਦੇ ਲੋਕ ਅਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਨੇ ਕਿਹਾ ਕਿ ਜੇਕਰ ਨਵਜੋਤ ਕੌਰ ਸਿੱਧੂ ਪਟਿਆਲਾ ਲੋਕ ਸਭਾ ਸੀਟ ਤੋਂ ਖੜ੍ਹਦੀ ਹੈ ਤਾਂ ਉਹ ਉਨ੍ਹਾਂ ਨੂੰ ਵੱਡੀ ਜਿੱਤ ਦਿਵਾਉਣਗੇ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਸ਼ਮਸ਼ਪੁਰ, ਅਨੁਜ ਤ੍ਰਿਵੇਦੀ ਸਾਬਕਾ ਬਲਾਕ ਪ੍ਰਧਾਨ, ਪ੍ਰਦੀਪ ਦੀਵਾਨ, ਸ਼ਿਵ ਖੰਨਾ ਸਾਬਕਾ ਕੌਂਸਲਰ, ਨਰਿੰਦਰ ਪੱਪਾ ਸਾਬਕਾ ਕੌਂਸਲਰ, ਨਰਿੰਦਰ ਸਿੰਘ ਨੀਟੂ ਸਾਬਕਾ ਕੌਂਸਲਰ, ਜਗਜੀਤ ਸੱਗੂ ਸਾਬਕਾ ਵਾਈਸ ਚੇਅਰਮੈਨ ਆਦਿ ਹਾਜ਼ਰ ਸਨ। ਇਸਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ 'ਤੇ ਰਿਹਾਈ ਨਹੀਂ ਮਿਲੀ ਸੀ, ਕਿਉਂਕਿ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ। ਸਿੱਧੂ ਨੂੰ ਰਿਹਾਅ ਨਾ ਕੀਤੇ ਜਾਣ 'ਤੇ ਗੁੱਸਾ ਜ਼ਾਹਰ ਕਰਦਿਆਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਇੱਕ ਖਤਰਨਾਕ ਜਾਨਵਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਉਸਤੋਂ ਸਾਰੇ ਦੂਰ ਰਹੋ।