ਪ੍ਰਿਅੰਕਾ ਅਤੇ ਰਾਹੁਲ ਦੀ ਗੱਲ ਮੰਨਾਂਗਾ, ਪਰ ਪੰਜਾਬ ਹਿੱਤ ਸਭ ਤੋਂ ਉਪਰ:ਸਿੱਧੂ

ਸਿੱਧੂ ਨੇ ਕਿਹਾ ਕਿ ਉਹ ਮਰ ਜਾਵੇਗਾ, ਪਰ ਪੰਜਾਬ ਦੇ ਵਿਰੁੱਧ ਕਿਸੀ ਤਰਾਂ ਦਾ ਸਮਝੌਤਾ ਨਹੀਂ ਕਰੇਗਾ।
ਪ੍ਰਿਅੰਕਾ ਅਤੇ ਰਾਹੁਲ ਦੀ ਗੱਲ ਮੰਨਾਂਗਾ, ਪਰ ਪੰਜਾਬ ਹਿੱਤ ਸਭ ਤੋਂ ਉਪਰ:ਸਿੱਧੂ

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ, ਕਿ ਉਹ ਪ੍ਰਿਅੰਕਾ ਅਤੇ ਰਾਹੁਲ ਦੇ ਨਾਲ ਹੀ ਰਹਿਣਗੇ ਕਿਉਂਕਿ ਦੋਵੇਂ ਖਾਨਦਾਨੀ ਲੋਕ ਹਨ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਸੂਬੇ ਦੀ ਸੱਤਾ ਲਈ ਨਹੀਂ ਸਗੋਂ ਪੰਜਾਬ ਲਈ ਉਨ੍ਹਾਂ ਨਾਲ ਖੜ੍ਹੇ ਹਨ। ਸਰਕਾਰ ਆਉਣ ਤੋਂ ਬਾਅਦ ਜੇਕਰ 1000 ਰੁਪਏ ਵਿੱਚ ਸ਼ਰਾਬ ਵਿਕਦੀ ਹੈ, ਰੇਤ ਮਾਫੀਆ ਰਾਜ ਕਰਦਾ ਹੈ, ਤਾਂ ਸਿੱਧੂ ਕੋਈ ਜਿੰਮੇਵਾਰੀ ਨਹੀਂ ਲੈਣਗੇ ।ਸਿੱਧੂ ਅੱਜ ਚੰਡੀਗੜ੍ਹ -37 ਸਥਿਤ ਲਾ ਭਵਨ ਵਿਖੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਚੋਣਾਂ ਜਿੱਤਣ ਤੋਂ ਬਾਅਦ ਤੁਹਾਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਉਨ੍ਹਾਂ ਦਾ ਸਟੈਂਡ ਕੀ ਹੋਵੇਗਾ। ਇਸ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਜੇਕਰ ਹਾਲਾਤ ਨਾ ਬਦਲੇ ਤਾਂ ਉਹ ਜ਼ਿੰਮੇਵਾਰੀ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮਰ ਜਾਵੇਗਾ ਪਰ ਪੰਜਾਬ ਦੇ ਵਿਰੁੱਧ ਕਿਸੀ ਤਰਾਂ ਦਾ ਸਮਝੌਤਾ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਉਹ ਪ੍ਰਿਅੰਕਾ ਅਤੇ ਰਾਹੁਲ ਦੇ ਨਾਲ ਹਨ। ਮੈਂ ਉਸ ਦੀ ਹਰ ਗੱਲ ਮੰਨਾਂਗਾ, ਪਰ ਮੇਰੇ ਲਈ ਪੰਜਾਬ ਦਾ ਹਿੱਤ ਸਭ ਤੋਂ ਉਪਰ ਹੈ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਕਹਿੰਦੇ ਰਹੇ ਹਨ ਕਿ ਉਹ ਪਾਰਟੀ ਵਿੱਚ ਰਾਹੁਲ ਅਤੇ ਪ੍ਰਿਅੰਕਾ ਦੇ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ, ਪਰ ਪੰਜਾਬ ਦਾ ਹਿੱਤ ਸਭ ਤੋਂ ਉੱਪਰ ਹੈ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਤਰ੍ਹਾਂ ਨਾਲ ਪਾਰਟੀ ਨੂੰ ਵੱਡਾ ਸਿਆਸੀ ਸੁਨੇਹਾ ਦਿੱਤਾ ਹੈ।ਹਾਲ ਹੀ ਵਿੱਚ ਹਾਈਕਮਾਂਡ ਨੇ ਪੰਜਾਬ ਵਿੱਚ ਚੋਣਾਂ ਲਈ ਅਬਜ਼ਰਵਰ ਨਿਯੁਕਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਰਾਏ ਨਹੀਂ ਲਈ ਗਈ ਹੈ ।

ਮੰਨਿਆ ਜਾ ਰਿਹਾ ਹੈ ਕਿ ਭਾਵੇਂ ਸਿੱਧੂ ਨੇ ਇਹ ਕਹਿ ਕੇ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਪ੍ਰਤੀ ਵਫ਼ਾਦਾਰੀ ਤਾਂ ਦਿਖਾਈ ਹੈ, ਪਰ ਨਾਲ ਹੀ ਪਾਰਟੀ ਨੂੰ ਵੱਡਾ ਸੰਦੇਸ਼ ਵੀ ਦਿੱਤਾ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ 'ਆਪ' ਮੁਖੀ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨੇ ਦੁਨੀਆਂ ਨੂੰ ਖੇਤੀ ਕਰਨੀ ਸਿਖਾਈ ਹੈ। ਇਹ ਦਿੱਲੀ ਵਾਲਾ ਪੰਜਾਬ ਨੂੰ ਪੜ੍ਹਾਵੇਗਾ। ਜਦੋਂ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਆਈ ਤਾਂ 7000 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸਨ, ਅੱਜ 19000 ਅਸਾਮੀਆਂ ਖਾਲੀ ਹਨ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾ ਦਿੱਲੀ ਵਲ ਧਿਆਨ ਦੇਣਾ ਚਾਹੀਦਾ ਹੈ, ਫੇਰ ਪੰਜਾਬ ਬਾਰੇ ਸੋਚੇ।

Related Stories

No stories found.
logo
Punjab Today
www.punjabtoday.com