
ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ 'ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਰਿਹਾਅ ਹੋਣਗੇ। ਅਧਿਕਾਰਤ ਸੂਤਰਾਂ ਮੁਤਾਬਕ ਸਿੱਧੂ ਨੂੰ ਸ਼ਨੀਵਾਰ ਨੂੰ ਰਿਲੀਜ਼ ਕੀਤਾ ਜਾਣਾ ਤੈਅ ਹੈ। ਸਿੱਧੂ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਵੀ ਇਹ ਟਵੀਟ ਕੀਤਾ ਗਿਆ ਹੈ।
ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ। ਰੋਡ ਰੇਜ ਕੇਸ ਵਿੱਚ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੇ 20 ਮਈ ਨੂੰ ਪਟਿਆਲਾ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਸਜ਼ਾ ਵਿੱਚ ਹੁਣ ਤੱਕ ਸਿੱਧੂ ਨੇ ਇੱਕ ਵਾਰ ਵੀ ਪੈਰੋਲ ਨਹੀਂ ਲਈ ਹੈ।
ਮਾਹਿਰਾਂ ਅਨੁਸਾਰ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਬੰਦ ਕੈਦੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਕੰਮ ਵਿੱਚ ਵਿਹਾਰ ਦੇ ਆਧਾਰ 'ਤੇ ਮਹੀਨੇ ਵਿੱਚ ਚਾਰ ਤੋਂ ਪੰਜ ਦਿਨ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੈਦੀ ਨੂੰ ਕੁਝ ਸਰਕਾਰੀ ਛੁੱਟੀਆਂ ਦਾ ਲਾਭ ਵੀ ਮਿਲਦਾ ਹੈ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਇਸ ਛੋਟ ਦਾ ਫਾਇਦਾ ਚੁੱਕ ਕੇ 1 ਅਪ੍ਰੈਲ ਨੂੰ ਜੇਲ 'ਚੋਂ ਰਿਹਾਅ ਹੋ ਸਕਦੇ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੂੰ 26 ਜਨਵਰੀ 2023 ਨੂੰ ਵੀ ਰਿਹਾਅ ਕੀਤੇ ਜਾਣ ਦੀ ਗੱਲ ਚੱਲ ਰਹੀ ਸੀ, ਪਰ ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਵਿੱਚ ਕੈਦੀਆਂ ਦੀ ਰਿਹਾਈ ਦੀ ਤਜਵੀਜ਼ ਨਹੀਂ ਰੱਖੀ ਗਈ ਸੀ। ਸਿੱਧੂ ਨੂੰ ਰਿਹਾਅ ਨਾ ਕੀਤੇ ਜਾਣ ਕਾਰਨ ਉਨ੍ਹਾਂ ਦੇ ਸਮਰਥਕਾਂ ਨੂੰ ਨਿਰਾਸ਼ ਹੋਣਾ ਪਿਆ ਸੀ। ਇੱਥੋਂ ਤੱਕ ਕਿ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਪੰਜਾਬ ਸਰਕਾਰ 'ਤੇ ਹਮਲਾ ਬੋਲਿਆ ਸੀ। ਸਿੱਧੂ ਨੇ ਜੇਲ 'ਚ ਯੋਗਾ ਅਤੇ ਮੈਡੀਟੇਸ਼ਨ 'ਤੇ ਪੂਰਾ ਜ਼ੋਰ ਦਿੱਤਾ ਹੈ। ਸਜ਼ਾ ਦੌਰਾਨ ਸਿੱਧੂ ਨੇ ਆਪਣਾ ਭਾਰ 34 ਕਿਲੋ ਤੱਕ ਘਟਾ ਲਿਆ ਹੈ। ਹਰ ਰੋਜ਼ ਸਵੇਰੇ ਤਿੰਨ ਵਜੇ ਉੱਠ ਕੇ ਨਾਮ ਜਪ ਕੇ ਸਿਮਰਨ ਲਈ ਬੈਠ ਜਾਂਦੇ ਸਨ। ਯੋਗਾ ਦੇ ਨਾਲ-ਨਾਲ ਉਹ ਜੇਲ੍ਹ ਦੇ ਮੈਦਾਨ ਵਿੱਚ ਬਹੁਤ ਸੈਰ ਵੀ ਕਰਦਾ ਸੀ।