ਪੰਜਾਬ 'ਚ ਵੋਟਾਂ ਪੈਣ 'ਚ ਹੁਣ ਸਿਰਫ 15 ਦਿਨ ਬਾਕੀ ਹਨ ਪਰ ਕਾਂਗਰਸ 'ਚ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਸੀ ਪਰ ਹੁਣ ਉਹ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਤਣਾਅ 'ਚ ਹਨ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ, ਜਿਸ 'ਤੇ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਮੈਂ ਰਾਹੁਲ ਭਾਈ ਨੂੰ ਕਿਹਾ ਕਿ ਤੁਹਾਨੂੰ ਵਿਕੇਂਦਰੀਕਰਣ ਕਰਨ ਦੀ ਲੋੜ ਹੈ। ਤੁਹਾਡੇ ਕੋਲ ਇੱਕ ਸਿਸਟਮ ਨਹੀਂ ਹੋ ਸਕਦਾ, ਇਸਨੂੰ ਬਦਲਣ ਦੀ ਲੋੜ ਹੈ।
ਸਿੱਧੂ ਨੇ ਕਿਹਾ ਕਿ ਲੋਕ ਵੀ ਬਦਲਾਅ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਇਹ ਆਫਰ ਦੇ ਰਹੀ ਹੈ। ਲੋਕ ਸ਼ਾਇਦ ਸਾਨੂੰ ਵੱਖਰੇ ਨਜ਼ਰੀਏ ਤੋਂ ਨਾ ਵੇਖਣ ਕਿਉਂਕਿ ਅਸੀਂ ਆਪਣੀ ਪੂਰੀ ਕਾਂਗਰਸ ਨਹੀਂ ਦਿਖਾਈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ, ਸ਼ਰਾਬ ਮਾਫੀਆ ਜਾਂ ਰੇਤ ਮਾਫੀਆ ਨਾਲ ਜੁੜੇ ਲੋਕ ਬਦਲਾਅ ਨਹੀਂ ਲਿਆ ਸਕਦੇ।
ਇਸ ਦੇ ਨਾਲ ਹੀ ਉਨ੍ਹਾਂ ਦੇ ਖਿਲਾਫ ਚੋਣ ਲੜ ਰਹੇ ਬਿਕਰਮ ਮਜੀਠੀਆ 'ਤੇ ਵਰਦਿਆਂ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ। ਉਹ ਸਾਰੇ ਚਾਹੁੰਦੇ ਹਨ ਕਿ ਮੈਂ ਡਰ ਕੇ ਚਲਾ ਜਾਵਾਂ। ਇਸ ਤੋਂ ਇਲਾਵਾ ਸਿੱਧੂ ਆਪਣੇ ਵਨ ਲਾਈਨਰਜ਼ ਲਈ ਕਾਫੀ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਵਾਉਣ ਵਾਲਾ ਕੋਈ ਨਹੀਂ ਹੈ। ਸਿਰਫ਼ ਦੋ ਲੋਕ ਹੀ ਉਸ ਨੂੰ ਚੁੱਪ ਕਰਵਾ ਸਕਦੇ ਹਨ, ਇੱਕ ਬਿੱਗ ਬੀ, ਅਮਿਤਾਭ ਬੱਚਨ ਅਤੇ ਦੂਜਾ ਸੋਨੀਆ ਗਾਂਧੀ।
ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਜਲਦੀ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਜਾ ਰਹੀ ਹੈ ਤਾਂ ਕੀ ਜੇ ਤੁਹਾਡਾ ਨਾਂ ਨਹੀਂ ਲਿਆ ਤਾਂ ਉਹ ਨਿਰਾਸ਼ ਹੋਣਗੇ। ਇਸ 'ਤੇ ਸਿੱਧੂ ਨੇ ਕਿਹਾ ਕਿ ਨਿਰਾਸ਼ਾ ਦਾ ਮਤਲਬ ਅੰਤਿਮ ਸੰਸਕਾਰ ਕਰਨਾ ਹੈ। ਮੈਂ ਭਰਾ (ਰਾਹੁਲ ਗਾਂਧੀ) ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।