ਸਿੱਧੂ-ਪ੍ਰਸ਼ਾਂਤ ਮੁਲਾਕਾਤ : ਪੁਰਾਣੀ ਸ਼ਰਾਬ ਤੇ ਪੁਰਾਣੇ ਦੋਸਤ ਅੱਜ ਵੀ ਘੈਂਟ

ਪੀਕੇ ਨੂੰ ਮਿਲਣ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ, "ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਅੱਜ ਵੀ ਸਭ ਤੋਂ ਵਧੀਆ ਹਨ''।
ਸਿੱਧੂ-ਪ੍ਰਸ਼ਾਂਤ ਮੁਲਾਕਾਤ : ਪੁਰਾਣੀ ਸ਼ਰਾਬ ਤੇ ਪੁਰਾਣੇ ਦੋਸਤ ਅੱਜ ਵੀ ਘੈਂਟ

ਨਵਜੋਤ ਸਿੰਘ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਦੀ ਪ੍ਰਸੰਸਾ ਕਰਦੇ ਹੋਏ ਉਨਾਂ ਨੂੰ ਆਪਣਾ ਵਧੀਆ ਦੋਸਤ ਦੱਸਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀਕੇ) ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਆਪਣੇ ਖਾਸ ਅੰਦਾਜ਼ 'ਚ ਜੋ ਕਿਹਾ, ਉਸ ਨਾਲ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਗਰਮ ਹੋ ਗਈ ਹੈ ਕਿ ਕੀ ਸਿੱਧੂ ਆਪਣੀ ਨਵੀਂ ਸਿਆਸੀ ਰੂਪ ਰੇਖਾ ਤਿਆਰ ਕਰਨਗੇ। ਪੀਕੇ ਨੂੰ ਮਿਲਣ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ, "ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਅੱਜ ਵੀ ਸਭ ਤੋਂ ਵਧੀਆ ਹਨ।" ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਸੂਬੇ 'ਚ ਆਪਣੀ ਸਿਆਸੀ ਲਕੀਰ ਖਿੱਚਣ 'ਚ ਰੁੱਝੇ ਹੋਏ ਹਨ ਅਤੇ ਵੱਖਰੇ ਤੌਰ 'ਤੇ ਸਿਆਸੀ ਗਤੀਵਿਧੀਆਂ ਚਲਾ ਰਹੇ ਹਨ।

ਸਿੱਧੂ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਪਹਿਲਾਂ ਵੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਪ੍ਰਸਤਾਵ 'ਤੇ ਪਾਰਟੀ ਦੀ ਮੈਂਬਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਪੀਕੇ ਨਾਲ ਮੁਲਾਕਾਤ ਤੋਂ ਬਾਅਦ ਹੁਣ ਸਵਾਲ ਉੱਠ ਰਹੇ ਹਨ ਕਿ ਸਿੱਧੂ ਦੀਆਂ ਨਵੀਆਂ ਸਿਆਸੀ ਸਰਗਰਮੀਆਂ ਪਿੱਛੇ ਪ੍ਰਸ਼ਾਂਤ ਕਿਸ਼ੋਰ ਦੀ ਕੀ ਭੂਮਿਕਾ ਹੈ।

ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਵਜੂਦ ਸਿੱਧੂ ਲਗਾਤਾਰ ਮੈਦਾਨ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਉਹ ਅੱਧੇ ਦਰਜਨ ਤੋਂ ਵੱਧ ਸਾਬਕਾ ਕਾਂਗਰਸੀ ਵਿਧਾਇਕਾਂ ਨਾਲ ਪੰਜਾਬ ਵਿੱਚ ਘੁਮ ਰਿਹਾ ਹੈ। ਉਹ ਨਾ ਸਿਰਫ਼ ਧਰਨੇ ਦੇ ਰਿਹਾ ਹੈ ਸਗੋਂ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਘਰ ਵੀ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਹਮੇਸ਼ਾ ਹਮਲਾਵਰ ਰਹਿਣ ਵਾਲੇ ਸਿੱਧੂ ਦੀ ਸਿਆਸਤ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਸਿੱਧੂ ਵੀ ਆਪਣੀ ਸਾਰੀ ਗੱਲ ਹਮਲਾਵਰ ਢੰਗ ਨਾਲ ਕਹਿ ਰਹੇ ਹਨ ਪਰ ਕਿਸੇ ਸਿਆਸਤਦਾਨ ਦਾ ਨਾਂ ਨਹੀਂ ਲੈ ਰਹੇ,ਨਾ ਹੀ ਸਿੱਧੂ ਕਾਂਗਰਸ ਲਾਈਨ ਤੋਂ ਹਟ ਰਿਹਾ ਹੈ। ਸਿੱਧੂ ਪਾਰਟੀ ਲਾਈਨ 'ਚ ਰਹਿ ਕੇ ਨਾ ਸਿਰਫ ਮੁੱਦੇ ਉਠਾ ਰਹੇ ਹਨ, ਸਗੋਂ ਪਾਰਟੀ ਖਿਲਾਫ ਵੀ ਕੁਝ ਨਹੀਂ ਬੋਲ ਰਹੇ ਹਨ। ਇਸ ਦੇ ਨਾਲ ਹੀ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਕੀ ਸਿੱਧੂ ਦੀ ਇਸ ਰਣਨੀਤੀ ਪਿੱਛੇ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਹੈ।

2017 ਵਿੱਚ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚ ਲਿਆਉਣ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਹੋਣ ਦੇ ਨਾਤੇ ਪੀ.ਕੇ ਹਮੇਸ਼ਾ ਹੀ ਕੈਪਟਨ ਅਤੇ ਸਿੱਧੂ ਦਰਮਿਆਨ ਦੂਰੀਆਂ ਨੂੰ ਘੱਟ ਕਰਨ ਲਈ ਯਤਨਸ਼ੀਲ ਰਹੇ। ਕਿਹਾ ਜਾਂਦਾ ਹੈ ਕਿ ਨਵਜੋਤ ਸਿੱਧੂ ਹਮੇਸ਼ਾ ਪੀਕੇ ਦੀ ਗੁੱਡ ਬੁੱਕ ਵਿੱਚ ਰਹੇ ਹਨ।

ਪੀ.ਕੇ ਅਤੇ ਕਾਂਗਰਸ ਹਾਈਕਮਾਂਡ ਵਿਚਾਲੇ 2024 ਦੀਆਂ ਲੋਕ ਸਭਾ ਚੋਣਾਂ ਲਈ ਜਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਇਹ ਗੱਲ ਪੱਕੀ ਹੋ ਗਈ ਹੈ, ਕਿ ਜੇਕਰ ਪੀ.ਕੇ. ਦੀ ਅਹਿਮ ਭੂਮਿਕਾ ਹੁੰਦੀ ਹੈ ਤਾਂ ਕਾਂਗਰਸ 'ਚ ਸਿੱਧੂ ਦਾ ਕੱਦ ਫਿਰ ਤੋਂ ਮਜ਼ਬੂਤ ​​ਹੋ ਸਕਦਾ ਹੈ।

Related Stories

No stories found.
logo
Punjab Today
www.punjabtoday.com