ਸਿੱਧੂ ਮੂਸੇਵਾਲਾ ਕੇਸ ਵਿਚ ਰੋਜ਼ ਨਵੇਂ ਮੋੜ ਆ ਰਹੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਸਿੰਘ ਢਿੱਲੋਂ ਤੋਂ ਦਿੱਲੀ ਹੈੱਡਕੁਆਰਟਰ ਵਿੱਚ ਕਰੀਬ ਪੰਜ ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਬਾਰੇ ਵੀ ਸਵਾਲ ਪੁੱਛੇ ਗਏ। ਇਨ੍ਹਾਂ ਗਾਇਕਾਂ ਦਾ ਨਾਂ ਲਾਰੈਂਸ ਨਾਲ ਜੋੜਿਆ ਗਿਆ ਹੈ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਨੇ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪਿਛਲੇ ਹਫਤੇ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ NIA ਨੇ 15 ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਦੇ ਨੋਟਿਸ ਦਿੱਤੇ ਹਨ। ਹੁਣ ਤੱਕ ਤਿੰਨ ਗਾਇਕਾਂ ਤੋਂ ਸਵਾਲਾ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਮਨਕੀਰਤ ਔਲਖ ਤੋਂ ਪੁੱਛਗਿੱਛ ਕਾਫੀ ਅਹਿਮ ਦੱਸੀ ਜਾ ਰਹੀ ਹੈ।
ਦਰਅਸਲ, ਮਨਕੀਰਤ ਦੇ ਦੋਸਤ ਅਤੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਪਿਛਲੇ ਸਾਲ ਅਗਸਤ ਵਿੱਚ ਮੋਹਾਲੀ ਦੇ ਸੈਕਟਰ-71 ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਕਾਲਜ ਦੇ ਦਿਨਾਂ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੋਸਤ ਸੀ। ਉਸ ਦੇ ਕਤਲ ਤੋਂ ਬਾਅਦ ਹੀ ਲਾਰੇਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਸੀ, ਕਿ ਉਹ ਇਸ ਕਤਲ ਦਾ ਬਦਲਾ ਜ਼ਰੂਰ ਲੈਣਗੇ। ਕਤਲ ਦੀ ਜਾਂਚ ਵਿੱਚ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਉਸ 'ਤੇ ਵਿੱਕੀ ਦੇ ਕਾਤਲਾਂ ਨੂੰ ਪਨਾਹ ਦੇਣ ਦਾ ਦੋਸ਼ ਸੀ।
ਮੂਸੇਵਾਲਾ ਦਾ ਕੁਝ ਦਿਨਾਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ NIA ਨੇ ਪੁੱਛਗਿੱਛ ਨਾਲ ਜੁੜੀ ਕਿਸੇ ਗੱਲ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਮਨਕੀਰਤ ਔਲਖ ਦੇ ਭਾਰਤੀ ਨੰਬਰ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਨਕੀਰਤ ਔਲਖ 'ਤੇ ਵੀ ਸਵਾਲ ਚੁੱਕੇ ਗਏ ਹਨ। ਕਰੀਬ ਪੰਜ ਮਹੀਨੇ ਪਹਿਲਾਂ ਮਨਕੀਰਤ ਔਲਖ ਨੇ ਫੇਸਬੁੱਕ ਪੋਸਟ 'ਤੇ ਖੁਦ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੱਤਾ ਸੀ। ਉਸਨੇ ਲਿਖਿਆ ਸੀ ਕਿ ਰੱਬ ਜਾਣਦਾ ਹੈ ਕਿ ਮੈਂ ਇਹ ਸਭ ਕੁਝ ਸੋਚ ਵੀ ਨਹੀਂ ਸਕਦਾ, ਮੈਂ ਕਿਸੇ ਮਾਂ ਤੋਂ ਉਸਦਾ ਪੁੱਤਰ ਖੋਹ ਨਹੀਂ ਸਕਦਾ । ਮੈਨੂੰ ਵੀ ਇੱਕ ਸਾਲ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾ ਮਨਕੀਰਤ ਔਲਖ ਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਨ੍ਹਾਂ ਨੇ ਲਾਰੈਂਸ ਨੂੰ ਆਪਣਾ ਭਰਾ ਅਤੇ ਦੋਸਤ ਦੱਸਿਆ।