
ਖਾਲਿਸਤਾਨੀ ਅੱਤਵਾਦੀ ਫੰਡਿੰਗ ਨੂੰ ਲੈ ਕੇ NIA ਦੀ 12 ਜ਼ਿਲਿਆਂ 'ਚ ਛਾਪੇਮਾਰੀ ਜਾਰੀ ਹੈ। ਪੰਜਾਬ 'ਚ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ 12 ਜ਼ਿਲਿਆਂ 'ਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਸਮੇਤ ਕਈ ਸ਼ਹਿਰਾਂ 'ਚ ਛਾਪੇਮਾਰੀ ਕਰਨ ਲਈ ਟੀਮਾਂ ਪਹੁੰਚ ਚੁੱਕੀਆਂ ਹਨ। ਇਹ ਛਾਪੇਮਾਰੀ ਗੈਂਗਸਟਰ-ਖਾਲਿਸਤਾਨੀ ਅੱਤਵਾਦੀ ਨੈੱਟਵਰਕ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ NIA ਦੀ ਇਹ ਛਾਪੇਮਾਰੀ ਲਾਰੈਂਸ, ਗੋਲਡੀ ਬਰਾੜ, ਨੀਰਜ ਬਵਾਨਾ ਸਮੇਤ ਇੱਕ ਤੋਂ ਵੱਧ ਗੈਂਗਸਟਰਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ 'ਤੇ ਹੋਈ ਹੈ। ਇਹ ਛਾਪੇਮਾਰੀ ਅੱਤਵਾਦੀ ਫੰਡਿੰਗ ਅਤੇ ਡਰੱਗਜ਼ ਦੇ ਮਾਮਲੇ 'ਚ ਕੀਤੀ ਗਈ ਹੈ। NIA ਗੈਂਗਸਟਰਾਂ ਅਤੇ ਖਾਲਿਸਤਾਨੀ ਨੈੱਟਵਰਕ 'ਤੇ ਦਰਜ 5 ਮਾਮਲਿਆਂ 'ਚ ਤੇਜ਼ੀ ਨਾਲ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਭਾਰਤ 'ਚ ਦਹਿਸ਼ਤ ਫੈਲਾਉਣ ਲਈ ਗਰਮ ਖਿਆਲੀਆਂ ਨੂੰ ਫੰਡਿੰਗ ਕਰ ਰਹੇ ਹਨ ਤਾਂ ਜੋ ਉਹ ਪੰਜਾਬ 'ਚ ਦਹਿਸ਼ਤ ਫੈਲਾ ਸਕਣ।
ਜ਼ਿਕਰਯੋਗ ਹੈ ਕਿ ਐਨਆਈਏ ਨੇ ਬੀਤੇ ਦਿਨ ਹੀ 14 ਦੇਸ਼ਾਂ ਵਿੱਚ ਬੈਠੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਐਨਆਈਏ ਕਈ ਹੋਰ ਗੈਂਗਸਟਰਾਂ ਖ਼ਿਲਾਫ਼ ਵੀ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਅਤੇ ਲਾਰੈਂਸ ਐਨਆਈਏ ਦੀ ਸੂਚੀ ਵਿੱਚ ਸਿਖਰ 'ਤੇ ਹਨ।
ਦੱਸ ਦੇਈਏ ਕਿ NIA ਨੇ ਅੱਜ ਸਵੇਰੇ ਜਲੰਧਰ ਦੇ ਅਮਨ ਨਗਰ ਨੂੰ ਘੇਰ ਲਿਆ। ਟੀਮ ਨੇ ਇਲਾਕੇ ਦੇ ਰਹਿਣ ਵਾਲੇ ਪੁਨੀਤ ਅਤੇ ਲਾਲੀ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਘਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਕਈ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੀ ਹੈ। ਪੁਨੀਤ ਅਤੇ ਲਾਲੀ ਨੇ ਸੁਖਵਿੰਦਰ ਸਿੰਘ ਉਰਫ ਡਿਪਟੀ ਦਾ ਕਤਲ ਕੀਤਾ ਸੀ। ਡਿਪਟੀ ਕਾਂਗਰਸ ਦੇ ਕੌਂਸਲਰ ਸਨ। ਜੇਲ 'ਚ ਬੰਦ ਪੁਨੀਤ ਅਤੇ ਲਾਲੀ ਨੇ ਵਿਕਾਸ ਮਾਲਿਆ ਨਾਲ ਆਪਣੇ ਰਿਸ਼ਤੇ ਬਣਾ ਲਏ ਸਨ। ਦੋਵੇਂ ਮੁਲਜ਼ਮ ਜ਼ਿਆਦਾਤਰ ਜੇਲ੍ਹ ਦੇ ਅੰਦਰੋਂ ਹੀ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਰਹੇ ਹਨ। ਐਨਆਈਏ ਦੀਆਂ ਟੀਮਾਂ ਇਨ੍ਹਾਂ ਸ਼ਹਿਰਾਂ ਅਤੇ ਕਸਬਿਆਂ ਦੀ ਸੂਚੀ ਬਣਾ ਕੇ ਅੱਜ ਛਾਪੇਮਾਰੀ ਕਰਨ ਲਈ ਪਹੁੰਚ ਗਈਆਂ ਹਨ।