ਕੈਪਟਨ ਅਮਰਿੰਦਰ ਸਿੰਘ ਦੇ ਤਾਜਾ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੇ 25 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਨੇ ਕਾਂਗਰਸ ਵਿਚ ਹਲਚਲ ਮਚਾ ਦਿਤੀ ਹੈ। ਇਸ ਤੋਂ ਬਾਅਦ ਕਾਂਗਰਸ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਪ੍ਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਕਾਂਗਰਸ ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਬੁੱਧਵਾਰ ਨੂੰ ਜਾਰੀ ਨੋਟਿਸ 'ਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਨੂੰ ਪਟਿਆਲਾ ਦੇ ਕਾਂਗਰਸੀ ਵਰਕਰਾਂ, ਵਿਧਾਇਕਾਂ ਅਤੇ ਆਗੂਆਂ ਅਤੇ ਮੀਡੀਆ ਰਾਹੀਂ ਤੁਹਾਡੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾ ਲਈ ਹੈ।
ਪਤੀ ਦੀ ਪਾਰਟੀ ਦੇ ਹੱਕ ਵਿੱਚ ਮੀਡੀਆ ਵਿੱਚ ਕੀਤੇ ਗਏ ਤੁਹਾਡੇ ਖੁੱਲ੍ਹੇ ਐਲਾਨਾਂ ਬਾਰੇ ਵੀ ਸਾਨੂੰ ਜਾਣੂ ਕਰਵਾਇਆ ਗਿਆ ਹੈ। ਇਸ ਲਈ ਕਿਰਪਾ ਕਰਕੇ ਸੱਤ ਦਿਨਾਂ ਦੇ ਅੰਦਰ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰੋ ਨਹੀਂ ਤਾਂ ਪਾਰਟੀ ਲੋੜੀਂਦੀ ਅਨੁਸ਼ਾਸਨ ਦੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਕੈਪਟਨ ਨੇ ਵੀ ਪਟਿਆਲਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੇ ਗੜ੍ਹ ਪਟਿਆਲਾ 'ਚ ਕੈਪਟਨ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਂਗਰਸ 'ਚ ਸਭ ਤੋਂ ਪਹਿਲਾਂ ਧਾਂਕ ਜਮਾਈ ਹੈ।
ਇਸਤੋਂ ਪਹਿਲਾ ਸੋਨੀਆ ਗਾਂਧੀ ਦੀ ਕਰੀਬੀ ਪ੍ਰਨੀਤ ਕੌਰ ਨੇ ਵੀ ਸਪੱਸ਼ਟ ਕੀਤਾ ਸੀ, ਕਿ ਉਹ ਕਾਂਗਰਸ ਨਹੀਂ ਛੱਡ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਪ੍ਰਨੀਤ ਕੌਰ ਚੰਡੀਗੜ੍ਹ ਪੁੱਜੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕੀਤੀ। ਪ੍ਰਨੀਤ ਨੇ ਅਜੇ ਤੱਕ ਨਵਜੋਤ ਸਿੱਧੂ ਨੂੰ ਛੱਡ ਕੇ ਕਾਂਗਰਸ ਪਾਰਟੀ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ। ਪਰ ਹਾਲ ਹੀ 'ਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੇ ਕੈਪਟਨ ਦੇ ਸਮਰਥਨ 'ਚ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਦੀ ਚਿੰਤਾ ਵਧ ਦਿਤੀ ਹੈ, ਉਸ ਸਮੇਂ ਹਰੀਸ਼ ਚੌਧਰੀ ਪਟਿਆਲਾ ਦੇ ਦੌਰੇ 'ਤੇ ਸਨ। ਉਸ ਤੋਂ ਬਾਅਦ ਬੁੱਧਵਾਰ ਨੂੰ ਹਰੀਸ਼ ਚੌਧਰੀ ਨੇ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ, ਜਦਕਿ ਸੰਜੀਵ ਬਿੱਟੂ ਦੇ ਮਾਮਲੇ 'ਚ ਪਾਰਟੀ ਅਜੇ ਤੱਕ ਚੁੱਪ ਹੈ।