
ਪੰਜਾਬ ਸਰਕਾਰ ਨੇ ਪਿੱਛਲੇ ਦਿਨੀ ਆਪਣੀ ਆਬਕਾਰੀ ਨੀਤੀ 'ਚ ਬਦਲਾਅ ਕੀਤਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਠੇਕਿਆਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਠੇਕਿਆਂ 'ਤੇ ਜਾਣ ਦੀ ਬਜਾਏ ਇਨ੍ਹਾਂ ਦੁਕਾਨਾਂ ਤੋਂ ਹੀ ਸ਼ਰਾਬ ਖਰੀਦ ਸਕਣਗੇ। 1 ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ 'ਤੇ ਸ਼ਰਾਬ ਅਤੇ ਬੀਅਰ ਵੀ ਉਪਲਬਧ ਹੋਵੇਗੀ।
ਨਵੀਂ ਆਬਕਾਰੀ ਨੀਤੀ ਤਹਿਤ ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ, ਜੋ ਸ਼ਰਾਬ ਦੀਆਂ ਦੁਕਾਨਾਂ 'ਤੇ ਜਾਣ ਤੋਂ ਬਚਦੇ ਹਨ। ਪਹਿਲੇ ਪੜਾਅ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਵਿੱਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾਂ ਖੋਲ੍ਹਣ ਜਾ ਰਹੀ ਹੈ। ਠੇਕਿਆਂ 'ਤੇ ਜਾਣ ਦੇ ਇੱਛੁਕ ਲੋਕ ਹੁਣ ਸ਼ਹਿਰ ਦੇ ਬਾਜ਼ਾਰਾਂ 'ਚ ਹੀ ਸ਼ਰਾਬ ਲੈ ਸਕਣਗੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਚੰਡੀਗੜ੍ਹ ਵਿੱਚ ਠੇਕਿਆਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਹੀ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ 'ਤੇ ਵਿਦੇਸ਼ੀ ਸਕਾਚਾਂ ਦੇ ਨਾਲ ਬੀਅਰ ਵੀ ਉਪਲਬਧ ਹਨ। ਸੂਬੇ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਦਿਆਂ, ਪੰਜਾਬ ਸਰਕਾਰ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਦੁਕਾਨਾਂ ਦੀ ਆਗਿਆ ਦੇਵੇਗੀ।
ਸੂਬਾ ਸਰਕਾਰ ਵੱਲੋਂ 8 ਮਾਰਚ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਵਿੱਚ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਐਲ-2 ਲਾਇਸੈਂਸ ਦੇਣ ਦੇ ਫੈਸਲੇ ਦੇ ਨਾਲ-ਨਾਲ ਬੀਅਰ ਬਾਰਾਂ, ਹਾਰਡ ਬਾਰਾਂ, ਕਲੱਬਾਂ ਅਤੇ ਮਾਈਕਰੋ ਬ੍ਰੇਵਜਿਸ ਵਿੱਚ ਵਿਕਣ ਵਾਲੀ ਸ਼ਰਾਬ ਅਤੇ ਬੀਅਰ 'ਤੇ ਲਾਗੂ ਵੈਟ ਦੀ ਦਰ ਨੂੰ 10 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਰਾਹੀਂ ਨਵੇਂ ਵਿੱਤੀ ਸਾਲ ਦੌਰਾਨ 1004 ਕਰੋੜ ਰੁਪਏ ਦੇ ਵਾਧੇ ਨਾਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਚੰਡੀਗੜ੍ਹ ਦੀ ਤਰਜ਼ 'ਤੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਖੋਲ੍ਹੀਆਂ ਜਾਣ ਵਾਲੀਆਂ 'ਖਾਸ' ਸ਼ਰਾਬ ਦੀਆਂ ਦੁਕਾਨਾਂ ਕਿਸੇ ਵੱਡੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ। ਗਾਹਕ ਨਿੱਜੀ ਤੌਰ 'ਤੇ ਇਹਨਾਂ ਸਟੋਰਾਂ ਵਿੱਚ ਸਜਾਏ ਹੋਏ ਰੈਕਾਂ ਤੋਂ ਆਪਣੀ ਮਨਪਸੰਦ ਵਾਈਨ ਜਾਂ ਬੀਅਰ ਲੈਣਗੇ ਅਤੇ ਕਾਊਂਟਰ 'ਤੇ ਭੁਗਤਾਨ ਕਰਨਗੇ। ਜੇਕਰ ਖਰੀਦਿਆ ਸਾਮਾਨ ਜ਼ਿਆਦਾ ਹੈ ਤਾਂ ਦੁਕਾਨ ਦੇ ਸੇਵਾਦਾਰ ਲੜਕੇ ਵੀ ਤੁਹਾਡੀ ਗੱਡੀ ਵਿਚ ਸਾਮਾਨ ਰੱਖਣ ਦੀ ਸੇਵਾ ਦੇਣਗੇ।