
ਕਿਸਾਨ ਅੰਦੋਲਨ ਵਿਚ ਭਾਰਤੀ ਕਿਸਾਨਾਂ ਨੇ ਹੀ ਨਹੀਂ ਸਗੋਂ ਵਿਦੇਸ਼ 'ਚ ਬੈਠੇ ਪੰਜਾਬੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਅਮਰੀਕਾ ਅਧਾਰਤ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ, ਜਿਨ੍ਹਾਂ ਨੂੰ ਅਕਤੂਬਰ 2021 ਦੀ ਰਾਤ ਨੂੰ ਕਿਸਾਨ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਪਹਿਲਾ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਨੂੰ ਹੁਣ ਪ੍ਰਵਾਸੀ ਭਾਰਤੀ ਸਨਮਾਨ ਦਿੱਤਾ ਜਾ ਰਿਹਾ ਹੈ।
ਧਾਲੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਦੇ 21 ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਹੋਣ 'ਤੇ ਬਹੁਤ ਹੀ ਸਨਮਾਨਿਤ ਅਤੇ ਉਤਸ਼ਾਹਿਤ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਵਾਸੀ ਭਾਰਤੀ ਸਨਮਾਨ ਵਿਦੇਸ਼ੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ।
72 ਸਾਲਾ ਦਰਸ਼ਨ ਸਿੰਘ ਧਾਲੀਵਾਲ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕਰਨ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਮੀਡਿਆ ਨਾਲ ਫੋਨ 'ਤੇ ਗੱਲ ਕਰਦਿਆਂ, ਧਾਲੀਵਾਲ ਨੇ ਕਿਹਾ, ''ਜਦੋਂ ਮੈਨੂੰ ਵਾਪਸ ਭੇਜਿਆ ਗਿਆ ਤਾਂ ਮੈਂ ਨਿਰਾਸ਼ ਨਹੀਂ ਹੋਇਆ। ਮੈਂ ਸਰਵਸ਼ਕਤੀਮਾਨ ਅੱਗੇ ਝੁਕਦਾ ਹਾਂ ਅਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਜੋ ਵੀ ਕਰਦਾ ਹੈ ਉਹ ਹਮੇਸ਼ਾ ਬਿਹਤਰ ਹੁੰਦਾ ਹੈ।"
ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਲਈ ਲੰਗਰ ਲਗਾਉਣ ਦਾ ਫੈਸਲਾ ਕੀਤਾ ਸੀ । ਉਨ੍ਹਾਂ ਕਿਹਾ ਕਿ ਮੈਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨਾਂ ਵਿੱਚ ਸ਼ਾਮਲ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਐਨਆਰਆਈ ਕਾਰੋਬਾਰੀ ਨੇ ਕਿਹਾ, ''ਉਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਉਸਨੇ ਸਿੱਖਾਂ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਅਜਿਹਾ ਕਰਦੇ ਰਹਿਣ। ਜਾਣਕਾਰੀ ਅਨੁਸਾਰ ਧਾਲੀਵਾਲ ਦੀ ਐਵਾਰਡ ਲਈ ਚੋਣ ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਕੀਤੇ ਸਮਝੌਤੇ ਦਾ ਹਿੱਸਾ ਸੀ।
ਭਾਰਤੀ ਅਮਰੀਕੀ ਭਾਈਚਾਰੇ ਦੇ ਇੱਕ ਪ੍ਰਭਾਵਸ਼ਾਲੀ ਮੈਂਬਰ ਦਰਸ਼ਨ ਸਿੰਘ ਧਾਲੀਵਾਲ ਨੇ ਸ਼ਿਕਾਗੋ ਵਿੱਚ ਕੁਝ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਅਤੇ ਨਾਲ ਹੀ ਭਾਰਤੀ ਅਧਿਕਾਰੀਆਂ ਦੁਆਰਾ ਇੱਕ ਆਊਟਰੀਚ ਅਭਿਆਸ ਵੀ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਇਹ ਐਵਾਰਡ ਉਸ ਆਊਟਰੀਚ ਦਾ ਨਤੀਜਾ ਹੈ। ਸੂਤਰਾਂ ਨੇ ਦੱਸਿਆ ਕਿ ਧਾਲੀਵਾਲ ਦੇ ਨਾਂ ਦਾ ਫੈਸਲਾ ਜਿਊਰੀ ਅਤੇ ਐਵਾਰਡ ਕਮੇਟੀ ਨੇ ਕੀਤਾ ਸੀ, ਜਿਸ ਦੀ ਅਗਵਾਈ ਵਿਦੇਸ਼ ਮੰਤਰੀ ਉਪ-ਚੇਅਰਮੈਨ ਵਜੋਂ ਕਰਦੇ ਹਨ। ਪੈਨਲ ਨੇ ਸਰਬਸੰਮਤੀ ਨਾਲ ਅੰਤਿਮ ਸੂਚੀ ਦੀ ਚੋਣ ਕੀਤੀ।