ਮੰਗਲਵਾਰ (5 ਅਪ੍ਰੈਲ) ਰਾਤ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਇੱਕ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਦੌਣ ਕਲਾਂ ਦਾ ਰਹਿਣ ਵਾਲਾ ਧਰਮਿੰਦਰ ਸਿੰਘ ਉਥੋਂ ਦੇ ਕਬੱਡੀ ਕਲੱਬ ਦਾ ਪ੍ਰਧਾਨ ਸੀ। ਉਹ ਰਾਜਨੀਤੀ ਵਿੱਚ ਵੀ ਸਰਗਰਮ ਸੀ।
ਧਰਮਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਘਨੌਰ ਵਿੱਚ ਆਮ ਆਦਮੀ ਪਾਰਟੀ (ਆਪ) ਲਈ ਚੋਣ ਪ੍ਰਚਾਰ ਕੀਤਾ ਸੀ। ਉਸਨੇ ਗੁਰਲਾਲ ਘਨੌਰ ਨਾਮ ਦੇ ਇੱਕ ਹੋਰ ਕਬੱਡੀ ਖਿਡਾਰੀ ਲਈ ਪ੍ਰਚਾਰ ਕੀਤਾ ਸੀ।
ਪੁਲਿਸ ਅਨੁਸਾਰ ਮੰਗਲਵਾਰ ਸ਼ਾਮ ਨੂੰ ਦੌਣ ਕਲਾਂ ਅਤੇ ਥੇੜੀ ਪਿੰਡਾਂ ਦੇ ਵਿਰੋਧੀ ਗੁੱਟਾਂ ਨੇ ਯੂਨੀਵਰਸਿਟੀ ਦੇ ਬਾਹਰ ਝੜਪ ਕੀਤੀ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਧਰਮਿੰਦਰ ਕੈਂਪਸ ਦੇ ਬਾਹਰ ਇੱਕ ਢਾਬੇ 'ਤੇ ਵਿਰੋਧੀ ਗਰੁੱਪ ਨਾਲ ਮੀਟਿੰਗ ਕਰਨ ਲਈ ਆਪਣੇ ਪਿੰਡ ਵਾਸੀਆਂ ਦੀ ਨੁਮਾਇੰਦਗੀ ਕਰਨ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਲਾਕੇ ਦੇ ਸਥਾਨਕ ਲੋਕਾਂ ਦੁਆਰਾ ਬਣਾਈਆਂ ਗਈਆਂ ਕੁਝ ਵੀਡੀਓਜ਼ ਚ, ਧਰਮਿੰਦਰ ਦੀ ਮੌਤ ਤੋਂ ਕੁਝ ਮਿੰਟ ਪਹਿਲਾਂ ਘੱਟੋ ਘੱਟ 8 ਤੋਂ 10 ਆਦਮੀ ਗਲੀਆਂ ਵਿੱਚ ਘੁੰਮਦੇ ਹੋਏ ਦੇਖੇ ਗਏ ਸਨ। ਸੂਤਰਾਂ ਮੁਤਾਬਕ ਝੜਪ ਦੌਰਾਨ 10 ਰਾਉਂਡ ਗੋਲੀਆਂ ਚਲਾਈਆਂ ਗਈਆਂ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਤਲ ਕੇਸ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਧਰਮਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਇਸ ਮਾਮਲੇ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਦੁਸ਼ਮਣੀ ਕਾਰਨ ਹੋਇਆ ਕਤਲ ਹੈ। ਪੁਲਿਸ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ ਕੁਝ ਹਫ਼ਤੇ ਪਹਿਲਾਂ ਹੀ, 14 ਮਾਰਚ ਨੂੰ ਜਲੰਧਰ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਚਾਰ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਵੀਕੇ ਭਾਵੜਾ ਨੂੰ ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਸਨ।
ਪੁਲਿਸ ਵਿਭਾਗ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ, ਸੀ.ਐਮ ਮਾਨ ਨੇ ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਖਤਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਨੂੰ ਹਰ ਲੋੜੀਂਦਾ ਸਮਾਨ ਅਤੇ ਫੰਡ ਮੁਹੱਈਆ ਕਰਵਾਏ ਜਾਣਗੇ।