ਇਸ ਸਾਲ ਜੂਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਡੀਆਂ ਦੇ ਕਾਫਲੇ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਤੋਂ ਵੀਵੀਆਈਪੀ ਸ਼ਖਸੀਅਤ ਦੇ ਰੰਗ ਵਿੱਚ ਆਉਣ ਲੱਗ ਗਏ ਹਨ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ 33 ਗੱਡੀਆਂ ਦੇ ਕਾਫਲੇ 'ਤੇ ਸਵਾਲ ਕਰਨ ਵਾਲੇ ਭਗਵੰਤ ਮਾਨ ਨੇ ਆਪਣਾ ਕਾਫਲਾ ਉਨ੍ਹਾਂ ਤੋਂ ਵੀ ਵੱਡਾ ਕਰ ਲਿਆ ਹੈ। ਹੁਣ ਮਾਨ ਦੇ ਕਾਫ਼ਲੇ ਵਿੱਚ ਗੱਡੀਆਂ ਦੀ ਗਿਣਤੀ 42 ਹੋ ਗਈ ਹੈ।
ਇਸ 'ਤੇ ਵਿਰੋਧੀ ਪਾਰਟੀਆਂ ਨੇ ਵੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਦੋਸ਼ ਲਾਏ ਹਨ। ਸੁਖਪਾਲ ਖਹਿਰਾ ਨੇ ਆਪਣੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ ਕਿ ਪਹਿਲਾਂ ਭਗਵੰਤ ਮਾਨ ਸਿਆਸਤਦਾਨਾਂ ਦਾ ਮਜ਼ਾਕ ਉਡਾਉਂਦੇ ਸਨ ਅਤੇ ਕਹਿੰਦੇ ਸਨ ਕਿ ਜਿਨ੍ਹਾਂ ਨੂੰ ਵਾਧੂ ਸੁਰੱਖਿਆ ਚਾਹੀਦੀ ਹੈ, ਉਹ ਮੁਰਗੀ ਖਾਣਾ ਖੋਲਣ ਵਾਲਾ ਕੰਮ ਕਿਉਂ ਨਹੀਂ ਕਰਦੇ। ਹੁਣ ਉਹੀ ਆਮ ਆਦਮੀ ਭਗਵੰਤ ਮਾਨ 42 ਕਾਰਾਂ ਦੀ ਲੋੜ ਮਹਿਸੂਸ ਕਰਨ ਲੱਗਾ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਸੀਐਮ ਭਗਵੰਤ ਮਾਨ ਜਰਮਨੀ ਗਏ ਸਨ। ਵਿਰੋਧੀ ਆਗੂਆਂ ਨੇ ਇਲਜ਼ਾਮ ਲਾਇਆ ਸੀ ਕਿ ਲੁਫਥਾਂਸਾ ਫਲਾਈਟ ਦੇ ਅਮਲੇ ਨੇ ਸੀ.ਐਮ ਮਾਨ ਨੂੰ ਵਾਪਸ ਪਰਤਣ ਸਮੇਂ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਰ ਯਾਤਰੀਆਂ ਦੀ ਸੁਰੱਖਿਆ ਲਈ ਉਤਾਰ ਦਿੱਤਾ ਸੀ। ਸਹਿ-ਯਾਤਰੀਆਂ ਦੇ ਹਵਾਲੇ ਨਾਲ ਬੇਨਕਾਬ ਕੀਤੇ ਇਸ ਮਾਮਲੇ 'ਤੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਮੁੱਖ ਮੰਤਰੀ ਮਾਨ ਨੂੰ ਘੇਰ ਲਿਆ ਸੀ ।
'ਆਪ' ਨੇ ਭਗਵੰਤ ਮਾਨ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਸੀ ਕਿ ਸੀਐਮ ਮਾਨ ਦੀ ਸਿਹਤ ਠੀਕ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸੀਐਮ ਮਾਨ ਦੇ ਅਜਿਹਾ ਕਰਨ ਨਾਲ ਪੰਜਾਬ ਅਤੇ ਦੁਨੀਆ ਭਰ ਦੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਵੇਗਾ। ਮਾਮਲੇ ਵਿੱਚ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਵੀ ਜਾਂਚ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਗੱਲ ਕਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀ ਪ੍ਰਚਾਰ ਕਰਦੇ ਸਨ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੀ ਕਰਦੇ ਹਨ, ਇਹ ਜਨਤਾ ਵੇਖ ਰਹੀ ਹੈ।