
ਅਮ੍ਰਿਤਪਾਲ ਸਿੰਘ ਅੱਜ ਮਹੀਨਾ ਬੀਤਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਹੁਣ ਜੋਗਾ ਸਿੰਘ ਦੀ ਗ੍ਰਿਫਤਾਰੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੱਕ ਪਹੁੰਚਣ ਦੀ ਅਹਿਮ ਕੜੀ ਸਾਬਤ ਹੋ ਸਕਦੀ ਹੈ। ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ। ਜੋਗਾ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸਨੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੂੰ ਪੀਲੀਭੀਤ ਡੇਰੇ ਤੋਂ ਕਾਰ ਸੇਵਾ ਵਾਲੀ ਗੱਡੀ ਵਿੱਚ ਪੰਜਾਬ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ 28 ਮਾਰਚ ਨੂੰ ਹੀ ਅੰਮ੍ਰਿਤਪਾਲ ਤੋਂ ਵੱਖ ਹੋ ਗਿਆ ਸੀ, ਉਥੋਂ ਉਹ ਹਰਿਆਣਾ ਚਲਾ ਗਿਆ ਸੀ।
ਜੋਗਾ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਹੱਦੀ ਜ਼ੋਨ ਦੇ ਸਾਰੇ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦਿਆਂ ਨਾਕਾਬੰਦੀ ਵਧਾ ਦਿੱਤੀ ਗਈ ਹੈ। ਖੁਫੀਆ ਵਿਭਾਗ ਦੇ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਜਦੋਂ ਤੋਂ ਦੁਬਈ ਤੋਂ ਪੰਜਾਬ ਆਇਆ ਹੈ, ਉਦੋਂ ਤੋਂ ਹੀ ਜੋਗਾ ਸਿੰਘ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਹੈ। ਜੋਗਾ ਸਿੰਘ ਯੂਪੀ ਵਿੱਚ ਡੇਰੇ ਦਾ ਸੇਵਾਦਾਰ ਹੈ ਅਤੇ ਕਈ ਵਾਰ ਅੰਮ੍ਰਿਤਪਾਲ ਨਾਲ ਖਾਲਸਾ ਵਹੀਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਿਹਾ ਹੈ।
ਜੋਗਾ ਸਿੰਘ ਅਤੇ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵੱਲੋਂ ਹੁਣ ਅੰਮ੍ਰਿਤਪਾਲ ਦੇ ਠਿਕਾਣਿਆਂ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਜੋਗਾ ਸਿੰਘ ਅਤੇ ਪਪਲਪ੍ਰੀਤ ਸਿੰਘ ਉਹ ਦੋ ਵਿਅਕਤੀ ਹਨ, ਜਿਨ੍ਹਾਂ ਦਾ ਅੰਮ੍ਰਿਤਪਾਲ ਨਾਲ ਸਿੱਧਾ ਸੰਪਰਕ ਸੀ। 28 ਮਾਰਚ ਨੂੰ ਦੋਵੇਂ ਅੰਮ੍ਰਿਤਪਾਲ ਕੋਲ ਸਨ। ਦੋਵੇਂ 28 ਮਾਰਚ ਦੀ ਰਾਤ ਨੂੰ ਹੀ ਅੰਮ੍ਰਿਤਪਾਲ ਤੋਂ ਵੱਖ ਹੋ ਗਏ ਸਨ। ਜੋਗਾ ਸਿੰਘ ਅਤੇ ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਦੀ ਹਰ ਯੋਜਨਾ ਨੂੰ ਜਾਣਦੇ ਹਨ। ਹੁਣ ਦੋਵੇਂ ਪੁਲਿਸ ਹਿਰਾਸਤ ਵਿੱਚ ਹਨ।
ਪੁਲਿਸ ਨੇ ਪਪਲਪ੍ਰੀਤ ਨੂੰ ਐਨਐਸਏ ਲਗਾ ਕੇ ਆਸਾਮ ਦੀ ਜੇਲ੍ਹ ਭੇਜ ਦਿੱਤਾ ਹੈ, ਪਰ ਅੱਜ ਤੱਕ ਜੋਗਾ ਸਿੰਘ ਉੱਤੇ ਐਨਐਸਏ ਨਹੀਂ ਲਗਾਇਆ ਗਿਆ। ਸਪੱਸ਼ਟ ਹੈ ਕਿ ਜੋਗਾ ਸਿੰਘ ਅਜਨਾਲਾ ਥਾਣੇ ਦੀ ਘੇਰਾਬੰਦੀ ਅਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਕੇ ’ਤੇ ਮੌਜੂਦ ਸੀ ਅਤੇ ਉਸ ਕਾਰਵਾਈ ਵਿੱਚ ਜੋਗਾ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
ਜੋਗਾ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਏਜੰਸੀਆਂ ਨੂੰ ਇਨਪੁਟ ਹੈ ਕਿ ਅੰਮ੍ਰਿਤਪਾਲ ਸਰਹੱਦੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਤਾਂ ਜੋ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਜਾ ਸਕੇ। ਅੰਮ੍ਰਿਤਪਾਲ ਅਤੇ ਉਸਦੇ ਸੰਗਠਨ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਬੰਧ ਵੀ ਸਾਹਮਣੇ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿੱਚ ਅੰਮ੍ਰਿਤਪਾਲ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਆਈਐਸਆਈ ਅਹਿਮ ਭੂਮਿਕਾ ਨਿਭਾ ਸਕਦੀ ਹੈ।