ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈ ਲਿਆ ਹੈ, ਜਿਸਤੋਂ ਬਾਅਦ ਸਾਰੇ ਦੇਸ਼ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਵਿਚਾਲੇ ਪ੍ਰਿਯੰਕਾ ਗਾਂਧੀ ਨੇ ਨਰਿੰਦਰ ਮੋਦੀ ਦੀ ਅਲੋਚਨਾ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਕਿਹਾ ਕਿ 2022 ਵਿਧਾਨਸਭਾ ਚੋਣਾਂ 'ਚ ਬੀਜੇਪੀ ਨੂੰ ਆਪਣੀ ਹਾਰ ਨਜ਼ਰ ਆਉਣ ਲੱਗ ਗਈ ਹੈ, ਇਸ ਲਈ ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ ਹੈ। ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਕਿਹਾ ਕਿ , ''600 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ, 350 ਦਿਨਾਂ ਤੋਂ ਵੱਧ ਦਾ ਸੰਘਰਸ਼, ਨਰਿੰਦਰ ਮੋਦੀ ਜੀ ਤੁਹਾਡੇ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲ ਦਿੱਤਾ, ਤੁਹਾਨੂੰ ਕੋਈ ਪਰਵਾਹ ਨਹੀਂ।ਤੁਹਾਡੀ ਪਾਰਟੀ ਦੇ ਨੇਤਾਵਾਂ ਨੇ ਕਿਸਾਨਾਂ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਨੂੰ ਅੱਤਵਾਦੀ, ਗੱਦਾਰ, ਗੁੰਡੇ, ਬਦਮਾਸ਼ ਕਿਹਾ, ਤੁਸੀਂ ਕਿਸਾਨਾਂ ਨੂੰ ਅੰਦੋਲਨਜੀਵੀ ਕਿਹਾ।" ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਕਿਹਾ, ''ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਹੁਣ ਜਦੋਂ ਤੁਹਾਨੂੰ ਚੋਣਾਂ ਵਿੱਚ ਹਾਰ ਨਜ਼ਰ ਆਉਣ ਲੱਗੀ ਤਾਂ ਅਚਾਨਕ ਤੁਹਾਨੂੰ ਇਸ ਦੇਸ਼ ਦੀ ਸੱਚਾਈ ਸਮਝ ਆਉਣ ਲੱਗ ਪਈ ਹੈ ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ ਹੈ। ਇਹ ਦੇਸ਼ ਕਿਸਾਨਾਂ ਦਾ ਹੈ, ਕਿਸਾਨ ਇਸ ਦੇਸ਼ ਦਾ ਅਸਲੀ ਰਾਖਾ ਹੈ । ਸਰਕਾਰ ਇਸ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਕੁਚਲ ਨਹੀਂ ਸਕਦੀ ਹੈ।'' ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ''ਤੁਹਾਡੇ ਇਰਾਦਿਆਂ ਅਤੇ ਤੁਹਾਡੇ ਬਦਲਦੇ ਰਵੱਈਏ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਕਿਸਾਨਾਂ ਤੇ ਹਮੇਸ਼ਾ ਮੇਹਰ ਹੁੰਦੀ ਰਹੇਗੀ ਅਤੇ ਕਿਸਾਨ ਇਸ ਦੇਸ਼ ਦੇ ਅੰਨਦਾਤਾ ਹਨ ਅਤੇ ਇਹਨਾਂ ਨੂੰ ਕੁਚਲ ਕੇ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਹੈ ।