
ਪੰਜਾਬ ਬੋਰਡ ਵੱਲੋਂ 12ਵੀਂ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਅੱਜ 10ਵੀਂ ਦੇ ਨਤੀਜੇ ਵੀ ਜਾਰੀ ਹੋਣ ਜਾ ਰਹੇ ਹਨ। ਨਤੀਜਾ ਸਿੱਖਿਆ ਬੋਰਡ ਵੱਲੋਂ ਸਵੇਰੇ 11.30 ਵਜੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਅਪਲੋਡ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਆਪਣੇ ਨਤੀਜਿਆਂ ਦੀ ਜਾਂਚ ਕਰਨਾ ਆਸਾਨ ਹੋ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰਜ਼ 'ਤੇ ਸੂਬੇ 'ਚ 10ਵੀਂ ਜਮਾਤ 'ਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਵੀ ਕਰਨਗੇ। ਜ਼ਿਕਰਯੋਗ ਹੈ ਕਿ PSEB ਵੱਲੋਂ 24 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। 12ਵੀਂ ਜਮਾਤ ਵਿੱਚ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਜਦਕਿ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ ਅਤੇ ਨਵਪ੍ਰੀਤ ਕੌਰ ਨੇ 99.40 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਸੀਐਮ ਭਗਵੰਤ ਮਾਨ ਨੇ 12ਵੀਂ ਜਮਾਤ ਦੀਆਂ ਤਿੰਨ ਟਾਪਰ ਵਿਦਿਆਰਥਣਾਂ ਸੁਜਾਨ ਕੌਰ, ਸ਼੍ਰੇਆ ਸਿੰਗਲਾ ਅਤੇ ਨਵਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਵਾਅਦੇ ਮੁਤਾਬਕ ਤਿੰਨੋਂ ਟਾਪਰ ਵਿਦਿਆਰਥੀਆਂ ਨੂੰ 51-51 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੀਐਮ ਮਾਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੰਜਾਬ ਦਾ 12ਵੀਂ ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ।
ਨਤੀਜੇ ਅਨੁਸਾਰ 3637 ਵਿਦਿਆਰਥੀ ਫੇਲ੍ਹ ਹੋਏ ਹਨ, ਜਦਕਿ 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ, ਜਦਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ ਵਿੱਚ ਲਏ ਗਏ ਸਨ।
ਜ਼ਿਲ੍ਹਾ ਗੁਰਦਾਸਪੁਰ 96.91 ਪਾਸ ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ 'ਤੇ ਰਿਹਾ। ਵਿਦਿਆਰਥੀ ਅਤੇ ਉਨ੍ਹਾਂ ਦੇ ਸਰਪ੍ਰਸਤ ਦਿਨ ਭਰ ਵੈੱਬਸਾਈਟ pseb.ac.in 'ਤੇ ਨਤੀਜੇ ਚੈੱਕ ਕਰਨ 'ਚ ਰੁੱਝੇ ਰਹੇ। 10ਵੀਂ ਦੇ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਣਗੇ। ਇਸ ਤੋਂ ਪਹਿਲਾਂ ਪੰਜਾਬ ਬੋਰਡ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਚੁੱਕਾ ਹੈ। PSEB 10ਵੀਂ ਦੀ ਅਸਲ ਅੰਕ ਸ਼ੀਟਾਂ ਆਨਲਾਈਨ PSEB 10ਵੀਂ ਦੇ ਨਤੀਜੇ ਦੇ ਐਲਾਨ ਤੋਂ ਕੁਝ ਦਿਨਾਂ ਬਾਅਦ ਵਿਦਿਆਰਥੀਆਂ ਦੇ ਸਬੰਧਿਤ ਸਕੂਲਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ।