
ਕੇਂਦਰ ਸਰਕਾਰ ਦੇ ਉਪਰਾਲੇ ਤੋਂ ਬਾਅਦ ਪੰਜਾਬ ਦੇ ਸਾਰੇ ਸ਼ਹਿਰ ਹੁਣ ਕੂੜਾ ਮੁਕਤ ਹੋਣਗੇ। ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (SBM) 2.0 ਤਹਿਤ ਪੰਜਾਬ ਨੂੰ ਕੇਂਦਰ ਤੋਂ 193.79 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਰਕਮ ਨਾਲ SBM ਸ਼ਹਿਰੀ ਪ੍ਰੋਜੈਕਟ ਰਫ਼ਤਾਰ ਫੜਨ ਜਾ ਰਿਹਾ ਹੈ।
ਮਿਸ਼ਨ ਤਹਿਤ ਪੰਜਾਬ ਲਈ ਕੁੱਲ 1050.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਾਲ 2025-26 ਤੱਕ ਚੱਲਣ ਵਾਲੇ ਇਸ ਪ੍ਰੋਜੈਕਟ ਤਹਿਤ ਤਿੰਨ ਸਾਲਾਂ ਦੇ ਅੰਦਰ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਕੂੜਾ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੇਂਦਰੀ ਫੰਡ ਦੇ ਖਰਚੇ ਦਾ ਦਾਅਵਾ ਕੀਤਾ ਗਿਆ ਸੀ, ਜਿਸ ਅਨੁਸਾਰ ਸੂਬੇ ਨੂੰ ਕੇਂਦਰ ਵੱਲੋਂ 193.79 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਕੁੱਲ ਰਾਸ਼ੀ ਵਿੱਚੋਂ ਹੁਣ ਤੱਕ ਰਾਜ ਨੂੰ 296.38 ਕਰੋੜ ਰੁਪਏ ਅਲਾਟ ਕੀਤੇ ਜਾ ਚੁੱਕੇ ਹਨ।
ਇਸ ਪ੍ਰੋਜੈਕਟ ਤਹਿਤ ਹਰੇਕ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਦਾ 100% ਟੀਚਾ ਪੂਰਾ ਕੀਤਾ ਜਾਵੇਗਾ ਅਤੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸਾਰੀਆਂ ਪੁਰਾਣੀਆਂ ਡੰਪਿੰਗ ਸਾਈਟਾਂ ਨੂੰ ਤਿੰਨ ਸਾਲਾਂ ਦੇ ਅੰਦਰ ਸੁਧਾਰਿਆ ਜਾਵੇਗਾ ਅਤੇ ਹਰਿਆਲੀ ਖੇਤਰ ਵਿੱਚ ਤਬਦੀਲ ਕੀਤਾ ਜਾਵੇਗਾ।
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਨੁਸਾਰ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਸਦਨ ਵਿੱਚ ਦੱਸਿਆ ਕਿ ਮਿਸ਼ਨ ਤਹਿਤ ਕੁੱਲ ਅਲਾਟ ਕੀਤੀ ਰਾਸ਼ੀ ਵਿੱਚੋਂ ਪੰਜਾਬ ਨੂੰ 193.79 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
SBM-ਸ਼ਹਿਰੀ ਪ੍ਰੋਜੈਕਟ ਦੇ ਤਹਿਤ, ਕੇਂਦਰ ਦੁਆਰਾ ਰਾਜਾਂ ਨੂੰ ਫੰਡ ਜਾਰੀ ਕੀਤੇ ਜਾਂਦੇ ਹਨ, ਜੋ ਕਿ ਰਾਜਾਂ ਦੁਆਰਾ ਰਾਜ ਹਾਈ ਪਾਵਰਡ ਕਮੇਟੀ ਅਤੇ ਰਾਜ ਪੱਧਰੀ ਤਕਨੀਕੀ ਕਮੇਟੀ ਦੁਆਰਾ ਪ੍ਰਵਾਨਿਤ ਕਾਰਜ ਯੋਜਨਾ ਦੇ ਤਹਿਤ ਸੰਸਥਾਵਾਂ ਨੂੰ ਅਲਾਟ ਕੀਤੇ ਜਾਂਦੇ ਹਨ। ਇਸਤੋਂ ਪਹਿਲਾ ਪੀਐਮ ਮੋਦੀ ਨੇ ਕਿਹਾ ਸੀ ਕਿ ਹੁਣ ਲੋਕ ਗਿੱਲੇ ਅਤੇ ਸੁੱਕੇ ਕੂੜੇ ਨੂੰ ਆਪਣੇ ਘਰਾਂ ਵਿੱਚ ਵੱਖ-ਵੱਖ ਰੱਖ ਰਹੇ ਹਨ, ਉਹ ਦੂਜੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਦੌਰ 'ਚ ਇਹ ਯੋਜਨਾ ਕੁਝ ਸੁਸਤ ਜ਼ਰੂਰ ਰਹੀ ਹੋਵੇਗੀ, ਪਰ ਹਰ ਰਾਜ, ਜ਼ਿਲੇ, ਸ਼ਹਿਰ ਅਤੇ ਪਿੰਡ ਦੇ ਪ੍ਰਸ਼ਾਸਨ ਨੂੰ ਫਿਰ ਤੋਂ ਜਾਗਣਾ ਚਾਹੀਦਾ ਹੈ।