ਪੀਟੀਸੀ, ਮਿਸ ਪੰਜਾਬ ਚੁਣਨ ਲਈ ਹਰ ਸਾਲ ਇੱਕ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਦਾ ਹੈ। ਪ੍ਰਤੀਯੋਗੀਆਂ ਵਿੱਚੋਂ ਇੱਕ ਨੇ ਸ਼ੋਅ ਦੇ ਸਬੰਧ ਵਿੱਚ ਐਫਆਈਆਰ ਦਰਜ ਕਰਵਾਈ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੂੰ ਪੀਟੀਸੀ ਦੇ ਇੱਕ ਸਟਾਫ਼ ਮੈਂਬਰ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਉਸਨੂੰ ਜ਼ਬਰਦਸਤੀ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਤੰਗ- ਪ੍ਰੇਸ਼ਾਨ ਕੀਤਾ ਗਿਆ।
ਇਹ ਐਫਆਈਆਰ ਪਿਛਲੇ ਸਾਲ ਮੁਹਾਲੀ ਵਿੱਚ ਦਰਜ ਕੀਤੀ ਗਈ ਸੀ। ਐਮਡੀ ਰਬਿੰਦਰ ਨਾਰਾਇਣ ਨੂੰ ਅੱਜ ਉਹਨਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿੱਚ ਇੱਕ ਨੈਂਸੀ ਨਾਂ ਦੀ ਹੋਰ ਮਹਿਲਾ ਮੁਲਜ਼ਮ ਸ਼ਾਮਲ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਪੀਟੀਸੀ ਨੈੱਟਵਰਕ ਨੇ ਸਪੱਸ਼ਟ ਕੀਤਾ ਹੈ ਕਿ ਐਫਆਈਆਰ ਵਿੱਚ ਨਾਮਜ਼ਦ ਇਹ ਦੋਵੇਂ ਵਿਅਕਤੀ ਕਦੇ ਵੀ ਉਨ੍ਹਾਂ ਦੀ ਕੰਪਨੀ ਦਾ ਹਿੱਸਾ ਨਹੀਂ ਰਹੇ ਹਨ ਅਤੇ ਇਹ ਦੋਸ਼ ਚੈਨਲ ਦੇ ਅਕਸ ਨੂੰ ਖ਼ਰਾਬ ਕਰਨ ਲਈ ਹਨ।
ਪੀਟੀਸੀ ਨੈੱਟਵਰਕ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਜੇਕਰ ਕਿਸੇ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਕਿ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਪੀਟੀਸੀ ਨੈੱਟਵਰਕ ਨਾਲ ਜੁੜੇ ਹੋਏ ਹਨ, ਤਾਂ ਕੰਪਨੀ ਉਸ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗੀ।"
ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ, "ਇਹ ਇੱਕ ਰਾਜਨੀਤਿਕ ਕਦਮ ਹੈ। ਇਸ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਪਹਿਲਾਂ ਹੀ ਸਾਡੇ ਐਮਡੀ ਰਬਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਹਨਾਂ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈੱਟਵਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਦੇ ਵੀ ਸਾਡੇ ਨਾਲ ਜੁੜੇ ਨਹੀਂ ਸਨ।"
ਸਾਰਾ ਮਾਮਲਾ ਪੁਲਸ ਦੇ ਧਿਆਨ 'ਚ ਆਉਣ ਤੋਂ ਬਾਅਦ ਹੁਣ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਅਜਿਹੇ 'ਚ ਹੁਣ ਦੇਖਣਾ ਹੋਵੇਗਾ ਕਿ ਪੁਲਸ ਦੇ ਪੱਖ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਕੋਈ ਸੱਚਾਈ ਸਾਹਮਣੇ ਆਉਂਦੀ ਹੈ ਜਾਂ ਨਹੀਂ। ਫਿਲਹਾਲ ਇਹ ਖਬਰ, ਖਬਰਾਂ ਦੀ ਦੁਨੀਆ 'ਚ ਚਰਚਾ ਦਾ ਵਿਸ਼ਾ ਹੈ। ਇਸ 'ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਦੋਸ਼ ਸਾਬਤ ਨਹੀਂ ਹੋ ਪਾਇਆ ਹੈ। ਹੁਣ ਇੰਤਜਾਰ ਰਹੇਗਾ ਕਿ ਪੁੱਛਗਿੱਛ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ।
ਇਹ ਮਹਿਜ਼ ਇੱਕ ਰਾਜਨੀਤੀਕ ਚਾਲ ਹੈ, ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਸਾਰੇ ਦੋਸ਼ ਸੱਚੇ ਹਨ।