
ਅਮ੍ਰਿਤਪਾਲ ਸਿੰਘ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਪੁਲਿਸ ਖਾਲਿਸਤਾਨੀ ਪੱਖੀ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸਿਰਸਾ ਦੀਆਂ ਰਾਣੀਆਂ ਦੇ ਕੁਝ ਨੌਜਵਾਨ ਅੰਮ੍ਰਿਤਪਾਲ ਦੇ ਕਰੀਬੀ ਸਾਥੀਆਂ ਦੇ ਸੰਪਰਕ ਵਿੱਚ ਹਨ। ਅਜਿਹੇ 'ਚ ਕਾਲ ਟਰੇਸ ਦੇ ਆਧਾਰ 'ਤੇ ਪੰਜਾਬ ਪੁਲਿਸ ਚਾਰ ਦਿਨਾਂ ਤੋਂ ਰਾਣੀਆ ਇਲਾਕੇ 'ਚ ਛਾਪੇਮਾਰੀ ਕਰ ਰਹੀ ਹੈ।
ਪੰਜਾਬ ਪੁਲਿਸ ਨੇ ਵੀਰਵਾਰ ਨੂੰ ਰਾਣੀਆਂ ਦੀ ਜੱਜ ਕਲੋਨੀ ਦੇ ਰਹਿਣ ਵਾਲੇ ਕਾਲਾ ਸਿੰਘ ਦੇ ਘਰ ਛਾਪਾ ਮਾਰਿਆ। ਹਾਲਾਂਕਿ ਕਾਲਾ ਸਿੰਘ ਘਰੋਂ ਫਰਾਰ ਹੈ। ਪੁਲਿਸ ਲਗਾਤਾਰ ਉਸ ਦੀਆਂ ਕਾਲਾਂ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਹੈ। ਦੱਸ ਦੇਈਏ ਕਿ ਚਾਰ ਦਿਨ ਪਹਿਲਾਂ ਪੁਲਿਸ ਨੇ ਰਾਣੀਆ ਦੇ ਪਿੰਡ ਨਗਰਾਣਾ ਵਿੱਚ ਲਖਵਿੰਦਰ ਸਿੰਘ ਅਤੇ ਦੋ ਹੋਰ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਮਗਰੋਂ ਪੁਲੀਸ ਨੇ ਪਿੰਡ ਕੁੱਤਾਬੜ੍ਹ 'ਚ ਛਾਪਾ ਮਾਰ ਕੇ ਬਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਗੁਰਲਾਲ ਸਿੰਘ ਵਾਸੀ ਮੱਲਣ ਤੋਂ ਪੁੱਛਗਿੱਛ ਕੀਤੀ ਸੀ।
ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣੀਆ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਕੁਝ ਲੋਕ ਅੰਮ੍ਰਿਤਪਾਲ ਦੇ ਕਰੀਬੀਆਂ ਨੂੰ ਅਪਡੇਟਸ ਦੇ ਰਹੇ ਹਨ। ਕਾਲ ਦੀ ਲੋਕੇਸ਼ਨ ਟਰੇਸ ਕਰਨ ਤੋਂ ਬਾਅਦ ਪੁਲਿਸ ਰਾਣੀਆ ਇਲਾਕੇ 'ਚ ਉਸ ਦੇ ਸਮਰਥਕਾਂ ਦੇ ਘਰ ਛਾਪੇਮਾਰੀ ਕਰ ਰਹੀ ਹੈ। ਤਿੰਨ ਦਿਨ ਪਹਿਲਾਂ ਪੁਲਿਸ ਨੇ ਕਾਲਾ ਸਿੰਘ ਤੋਂ ਕਾਲ ਟਰੇਸ ’ਤੇ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਦੇ ਕਰੀਬੀ ਸਾਥੀਆਂ ਨਾਲ ਹੋਈ ਗੱਲਬਾਤ ਸਬੰਧੀ ਉਸਨੂੰ ਦੁਬਾਰਾ ਥਾਣੇ ਬੁਲਾਇਆ ਪਰ ਉਹ ਨਹੀਂ ਆਇਆ। ਇਸੇ ਕਾਰਨ ਵੀਰਵਾਰ ਨੂੰ ਪੰਜਾਬ ਪੁਲਿਸ ਨੇ ਸਵੇਰੇ ਸੱਤ ਵਜੇ ਜੱਜ ਕਲੋਨੀ ਨਿਵਾਸੀ ਕਾਲਾ ਸਿੰਘ ਦੇ ਘਰ ਛਾਪਾ ਮਾਰਿਆ। ਪੁਲਿਸ ਨੇ ਘਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਪਰਿਵਾਰ ਵਾਲਿਆਂ ਤੋਂ ਕਾਲਾ ਬਾਰੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਪੁਲਿਸ ਘਰ ਦੀ ਤਲਾਸ਼ੀ ਲੈ ਕੇ ਵਾਪਸ ਪਰਤ ਗਈ।
ਇਸਤੋਂ ਪਹਿਲਾ ਵੀਰਵਾਰ ਨੂੰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵੀਰਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਵਿਦੇਸ਼ ਜਾਣ ਤੋਂ ਰੋਕ ਦਿੱਤਾ। ਉਹ ਲੰਡਨ ਲਈ ਫਲਾਈਟ ਫੜਨ ਲਈ ਸਵੇਰੇ 11:40 ਵਜੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ ਹਵਾਈ ਅੱਡਾ) ਪਹੁੰਚੀ ਸੀ। ਉਸ ਨੇ ਏਅਰ ਇੰਡੀਆ ਦੀ ਫਲਾਈਟ ਨੰਬਰ AI 117 ਵਿੱਚ ਟਿਕਟ ਬੁੱਕ ਕਰਵਾਈ ਸੀ। ਫਲਾਈਟ ਨੇ 2:30 ਵਜੇ ਰਵਾਨਾ ਹੋਣਾ ਸੀ। ਜਿਵੇਂ ਹੀ ਸੁਰੱਖਿਆ ਏਜੰਸੀਆਂ ਨੂੰ ਸੁਰਾਗ ਮਿਲਿਆ ਕਿ ਕਿਰਨਦੀਪ ਬਾਹਰ ਜਾਣ ਵਾਲੀ ਹੈ ਤਾਂ ਉਸਨੂੰ ਤੁਰੰਤ ਏਅਰਪੋਰਟ 'ਤੇ ਰੋਕ ਲਿਆ ਗਿਆ।