ਜੱਗੂ ਦੀ ਮਾਨਸਾ ਅਦਾਲਤ 'ਚ ਪੇਸ਼ੀ,ਪੁਲਿਸ ਰਿਮਾਂਡ ਲੈ ਕੇ ਕਰੇਗੀ ਪੁੱਛਗਿੱਛ

ਜੱਗੂ ਭਗਵਾਨਪੁਰੀਆ ਵੀ ਗੈਂਗਸਟਰ ਲਾਰੈਂਸ ਸਿੰਡੀਕੇਟ ਦਾ ਮੈਂਬਰ ਹੈ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਜੱਗੂ ਦੀ ਮਾਨਸਾ ਅਦਾਲਤ 'ਚ ਪੇਸ਼ੀ,ਪੁਲਿਸ ਰਿਮਾਂਡ ਲੈ ਕੇ ਕਰੇਗੀ ਪੁੱਛਗਿੱਛ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਜਿੱਥੇ ਪੰਜਾਬ ਪੁਲਿਸ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਭਗਵਾਨਪੁਰੀਆ ਦੇ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਹਾਲਾਂਕਿ ਜੱਗੂ ਦੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਰ ਲਾਰੈਂਸ ਨੇ ਪਹਿਲਾਂ ਉਸਦੀ ਮਦਦ ਕੀਤੀ ਸੀ। ਇਸਦੇ ਬਦਲੇ 'ਚ ਜੱਗੂ 'ਤੇ ਲਾਰੈਂਸ ਨੂੰ ਸ਼ਾਰਪ ਸ਼ੂਟਰ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ।

ਇਸ ਦੇ ਖੁਲਾਸੇ 'ਤੇ ਪੰਜਾਬ ਪੁਲਿਸ ਕੱਲ੍ਹ ਦਿੱਲੀ ਪਟਿਆਲਾ ਹਾਊਸ ਕੋਰਟ ਗਈ ਸੀ। ਉਥੋਂ ਗ੍ਰਿਫਤਾਰੀ ਅਤੇ ਟਰਾਂਜ਼ਿਟ ਰਿਮਾਂਡ ਲੈ ਕੇ ਪੁਲਸ ਦੇਰ ਰਾਤ ਮਾਨਸਾ ਪਹੁੰਚੀ। ਜੱਗੂ ਭਗਵਾਨਪੁਰੀਆ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਸਿੰਡੀਕੇਟ ਦਾ ਮੈਂਬਰ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਪਹਿਲਾਂ ਹੀ ਲਾਰੈਂਸ ਨੂੰ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸ ਚੁੱਕੀ ਹੈ।

ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਮੂਸੇਵਾਲਾ ਨੂੰ ਮਾਰ ਦਿੱਤਾ। ਲਾਰੈਂਸ ਪਹਿਲਾਂ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਕੋਲੋਂ ਸੀਆਈਏ ਸਟਾਫ਼ ਖਰੜ ਵਿਖੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਿਮਾਂਡ 'ਤੇ ਲਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਿਹਾੜ ਜੇਲ੍ਹ ਵਿੱਚ ਲਾਰੈਂਸ ਨਾਲ ਬੈਰਕ ਵਿੱਚ ਬੰਦ ਸੀ। ਫਿਰ ਉਹ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲਾਂ ਕਰਦਾ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਦੀ ਬੈਰਕ ਬਦਲ ਦਿੱਤੀ ਗਈ।

ਇਸ ਗੈਂਗਸਟਰ ਦੇ ਵੇਰਵੇ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬਟਾਲਾ ਦੇ ਪਿੰਡ ਭਗਵਾਨਪੁਰਾ ਦਾ ਰਹਿਣ ਵਾਲਾ ਜਗਦੀਪ ਸਿੰਘ ਉਰਫ ਜੱਗੂ ਇੱਕ ਬਦਨਾਮ ਗੈਂਗਸਟਰ ਹੈ, ਜਿਸ ਦੇ ਖਿਲਾਫ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ 68 ਅਪਰਾਧਿਕ ਮਾਮਲੇ ਦਰਜ ਹਨ। ਉਸ ਦੀ ਦਵਿੰਦਰ ਬੰਬੀਹਾ ਗੈਂਗ ਨਾਲ ਦੁਸ਼ਮਣੀ ਹੈ। ਜੱਗੂ ਭਗਵਾਨਪੁਰੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਬੱਡੀ ਖਿਡਾਰੀ ਵਜੋਂ ਕੀਤੀ ਸੀ। ਇਸਤੋਂ ਪਹਿਲਾ ਜੱਗੂ ਭਗਵਾਨਪੁਰੀਆ ਦੀ ਮਾਂ ਨੇ ਜੇਲ੍ਹ ਵਿੱਚ ਬੰਦ ਆਪਣੇ ਪੁੱਤਰ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੁਲੇਟ ਪਰੂਫ ਜੈਕੇਟ ਅਤੇ ਗੱਡੀ ਦੀ ਮੰਗ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਫਰਜ਼ੀ ਮੁਕਾਬਲਾ ਕੀਤਾ ਜਾ ਸਕਦਾ ਹੈ।

Related Stories

No stories found.
logo
Punjab Today
www.punjabtoday.com