ਪੰਜਾਬ ਵਿਜੀਲੈਂਸ ਬਿਊਰੋ ਨੇ RTA ਦਫਤਰ ਸੰਗਰੂਰ 'ਚ ਕੀਤਾ Fraud ਦਾ ਪਰਦਾਫਾਸ਼

ਮਾਮਲਾ ਵਹੀਕਲ ਫਿਟਨੈਸ ਸਰਟਿਫਕੇਟ ਦਾ। ਰਿਸ਼ਵਤ ਲੈ ਜਾਅਲੀ ਸਰਟਿਫਕੇਟ ਕੀਤੇ ਜਾ ਰਹੇ ਸਨ ਜਾਰੀ।
ਪੰਜਾਬ ਵਿਜੀਲੈਂਸ ਬਿਊਰੋ ਨੇ RTA ਦਫਤਰ ਸੰਗਰੂਰ 'ਚ ਕੀਤਾ Fraud ਦਾ ਪਰਦਾਫਾਸ਼

ਪੰਜਾਬ ਵਿਜੀਲੈਂਸ ਬਿਊਰੋ ਨੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫਤਰ ਸੰਗਰੂਰ ਵਿੱਚ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ., ਮੋਟਰ ਵਹੀਕਲ ਇੰਸਪੈਕਟਰ ਅਤੇ ਦੋ ਕਲਰਕਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਇਸ ਦਫ਼ਤਰ ਦੇ ਦੋ ਮੁਲਾਜ਼ਮਾਂ ਅਤੇ ਇੱਕ ਵਿਚੋਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਵਿੱਚ ਆਰ.ਟੀ.ਏ.ਸੰਗਰੂਰ, ਮੋਟਰ ਵਹੀਕਲ ਇੰਸਪੈਕਟਰ, ਉਨ੍ਹਾਂ ਦੇ ਸਟਾਫ਼ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜੋ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਫਿਟਨੈਸ ਦੇਣ ਵਿੱਚ ਲੱਗੇ ਹੋਏ ਹਨ। ਸਰਟੀਫਿਕੇਟ ਜਾਰੀ ਕਰਨ ਦੇ ਬਦਲੇ ਪੰਜਾਬ ਵਿੱਚ ਕੰਮ ਕਰਦੇ ਵੱਖ-ਵੱਖ ਏਜੰਟਾਂ ਤੋਂ ਰਿਸ਼ਵਤ ਲੈਂਦੇ ਸਨ।

ਵਿਜੀਲੈਂਸ ਅਨੁਸਾਰ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ 'ਤੇ ਚੱਲਣ ਲਈ ਆਰਟੀਏ ਦਫ਼ਤਰ ਤੋਂ ਫਿਟਨੈਸ ਸਰਟੀਫਿਕੇਟ ਲੈਣਾ ਪੈਂਦਾ ਹੈ। ਅਜਿਹੇ ਸਾਰੇ ਵਾਹਨਾਂ ਦੀ ਦਸਤਾਵੇਜ਼ਾਂ ਸਮੇਤ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਆਪਣੇ ਦਫ਼ਤਰ ਵਿੱਚ ਮੌਕੇ ’ਤੇ ਹੀ ਜਾਂਚ ਕੀਤੀ ਜਾਣੀ ਹੈ।

ਇਹ ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਮਿਲੀਭੁਗਤ ਨਾਲ ਵਾਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਬਿਨਾਂ ਮਾਡਲ ਦੇ ਹਿਸਾਬ ਨਾਲ ਪ੍ਰਤੀ ਵਾਹਨ 2800 ਤੋਂ 1000 ਰੁਪਏ ਤੱਕ ਰਿਸ਼ਵਤ ਲੈਂਦੇ ਸਨ ਅਤੇ ਫਿਰ ਫਿਟਨੈਸ ਸਰਟੀਫਿਕੇਟ ਜਾਰੀ ਕਰਦੇ ਸਨ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੋਟਰ ਵਹੀਕਲ ਇੰਸਪੈਕਟਰ ਸੰਗਰੂਰ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ।

ਤਿੰਨ ਮੁਲਜ਼ਮਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ ਏਜੰਟ ਧਰਮਿੰਦਰ ਪਾਲ ਉਰਫ਼ ਬੰਟੀ ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਆਪਰੇਟਰ ਜਗਸੀਰ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਕਰੀਬ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਅਤੇ ਘਪਲੇ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਆਰਟੀਏ ਰਵਿੰਦਰ ਸਿੰਘ ਗਿੱਲ, ਮੋਟਰ ਵਹੀਕਲ ਇੰਸਪੈਕਟਰ ਮਹਿੰਦਰਪਾਲ, ਕਲਰਕ ਗੁਰਚਰਨ ਸਿੰਘ, ਡਾਟਾ ਐਂਟਰੀ ਆਪਰੇਟਰ ਜਗਸੀਰ ਸਿੰਘ, ਵਿਚੋਲੇ ਧਰਮਿੰਦਰਪਾਲ ਉਰਫ ਬੰਟੀ ਅਤੇ ਸੁਖਵਿੰਦਰ ਸੁੱਖੀ ਅਤੇ ਹੋਰ ਏਜੰਟਾਂ ਖਿਲਾਫ ਵਿਜੀਲੈਂਸ ਥਾਣਾ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਕੰਮ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹਰ ਮਹੀਨੇ 2000-2500 ਵਾਹਨਾਂ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ। ਇਸ ਦੌਰਾਨ ਮੁਲਜ਼ਮ ਰਿਸ਼ਵਤ ਵਜੋਂ ਮੋਟੀ ਰਕਮ ਵਸੂਲਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Related Stories

No stories found.
logo
Punjab Today
www.punjabtoday.com