ਪੰਜਾਬ ਦੀ ਲੋਕ ਗਾਇਕਾ, ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਚ ਹੋਇਆ ਦਿਹਾਂਤ

ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦਾ ਐਤਵਾਰ ਨੂੰ ਅੰਮਿ੍ਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 77 ਸਾਲ ਸੀ।
ਪੰਜਾਬ ਦੀ ਲੋਕ ਗਾਇਕਾ, ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਚ ਹੋਇਆ ਦਿਹਾਂਤ

ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਵਿਗੜੀ ਹੋਈ ਸੀ। ਜਿਸ ਕਰਕੇ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਐਤਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ।

ਮੁੱਢਲੀ ਜਿੰਦਗੀ

ਗੁਰਮੀਤ ਬਾਵਾ ਦਾ ਜਨਮ 1944 ਵਿੱਚ ਬਰਤਾਨਵੀ ਪੰਜਾਬ ਦੇ ਪਿੰਡ ਕੋਠੇ ਵਿੱਚ ਪਿਤਾ ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ ਸੀ। ਇਹ ਪਿੰਡ ਹੁਣ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ। ਜਦੋਂ ਉਹ ਦੋ ਸਾਲ ਦੇ ਸਨ ਤਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਬਾਵਾ ਅਧਿਆਪਕ ਬਣਨ ਵਾਲੀ ਇਲਾਕੇ ਦੀ ਪਹਿਲੀ ਲੜਕੀ ਸੀ।

ਸੰਗੀਤਕ ਸਫਰ

ਉਹ ਦੂਰਦਰਸ਼ਨ ਦੇ ਮੰਚ 'ਤੇ ਗਾਉਣ ਵਾਲੇ ਪਹਿਲੇ ਪੰਜਾਬੀ ਮਹਿਲਾ ਗਾਇਕਾ ਸਨ। ਉਹਨਾਂ ਨੂੰ 'ਜੁਗਨੀ' ਗਾਉਣ ਲਈ ਬਹੁਤ ਪ੍ਰਸਿੱਧੀ ਮਿਲੀ ਸੀ। ਬਾਵਾ ਉਨ੍ਹਾਂ ਮੁੱਢਲੇ ਗਾਇਕਾਂ ਵਿੱਚੋਂ ਸੀ ਜਿਨ੍ਹਾਂ ਨੇ ਆਲਮ ਲੋਹਾਰ ਤੋਂ ਬਾਅਦ ‘ਜੁਗਨੀ ਗਾਈ ਸੀ। ਬਾਵਾ ਗਾਉਣ ਸਮੇਂ ਵਧੇਰੇ ਤੌਰ ਤੇ ਅਲਗੋਜ਼ੇ, ਪੰਜਾਬੀ ਵਾਜੇ ਆਦਿ ਸਾਜ਼ਾਂ ਦੀ ਵਰਤੋਂ ਕਰਿਆ ਕਰਦੇ ਸਨ। ਇਸ ਸੁਰੀਲੀ ਲੋਕ ਗਾਇਕਾ ਨੂੰ ਉਸਦੀ ਲੰਬੀ 'ਹੇਕ' ਲਈ ਜਾਣਿਆ ਜਾਂਦਾ ਸੀ। ਉਹ ਲਗਭਗ 45 ਸਕਿੰਟ ਤੱਕ ਲੰਬੀ ਹੇਕ ਲਗਾ ਸਕਦੇ ਸਨ।

ਪੁਰਸਕਾਰ

1991 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਬਾਅਦ ਵਿੱਚ 2002 ਵਿੱਚ, ਉਨ੍ਹਾਂ ਨੂੰ ਮੱਧ ਪ੍ਰਦੇਸ਼ ਸਰਕਾਰ ਤੋਂ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੂੰ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਗਾਇਕਾ ਐਵਾਰਡ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਨਾਟਕ ਅਕਾਦਮੀ ਨੇ ਵੀ ਉਨ੍ਹਾਂ ਨੂੰ ਸੰਗੀਤ ਪੁਰਸਕਾਰ ਦਿੱਤਾ ਸੀ।

ਪਰਿਵਾਰਕ ਮੈਂਬਰ

ਉਹ ਆਪਣੇ ਪਿੱਛੇ ਦੋ ਧੀਆਂ - ਗਲੋਰੀ ਅਤੇ ਮਿਸ਼ਰੀ ਅਤੇ ਪਤੀ ਛੱਡ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਛੋਟੀ ਬੇਟੀ ਗਲੋਰੀ ਵੀ ਲੋਕ ਗਾਇਕ ਹੈ ਜਦਕਿ ਸਭ ਤੋਂ ਛੋਟੀ ਬੇਟੀ ਮਿਸ਼ਰੀ ਇੱਕ ਸਪੈਸ਼ਲ ਚਾਇਲਡ ਹੈ। ਬਾਵਾ ਦੀਆਂ ਤਿੰਨ ਧੀਆਂ ਸਨ। ਵੱਡੀ ਧੀ ਲਾਚੀ ਬਾਵਾ ਦੀ ਫਰਵਰੀ 2020 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਲਾਚੀ ਇੱਕ ਲੋਕ ਗਾਇਕਾ ਵੀ ਸੀ ਅਤੇ ਉਹ ਸੂਫੀ ਗਾਇਕੀ ਦੇ ਖੇਤਰ ਵਿੱਚ ਡਾਕਟਰੇਟ (ਪੀਐਚਡੀ) ਕਰ ਰਹੀ ਸੀ। ਉਸਦਾ ਪਤੀ ਕਿਰਪਾਲ ਸਿੰਘ ਸਰਕਾਰੀ ਅਧਿਆਪਕ ਵਜੋਂ ਸੇਵਾ ਮੁਕਤ ਹੋਇਆ ਹੈ।

Related Stories

No stories found.
logo
Punjab Today
www.punjabtoday.com