
'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ 'ਆਰਐਸਐਸ' 'ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਗਲਾ ਕੱਟ ਦਿਓ, ਪਰ ਮੈਂ ਕਦੇ ਵੀ ਆਰਐਸਐਸ ਦਫ਼ਤਰ ਨਹੀਂ ਜਾਵਾਂਗਾ। ਰਾਹੁਲ ਗਾਂਧੀ ਨੂੰ ਵਰੁਣ ਗਾਂਧੀ ਬਾਰੇ ਸਵਾਲ ਪੁੱਛਿਆ ਗਿਆ। ਰਾਹੁਲ ਨੇ ਕਿਹਾ ਕਿ ਮੇਰੀ ਵਿਚਾਰਧਾਰਾ ਵਰੁਣ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ।
ਵਰੁਣ ਗਾਂਧੀ ਬਾਰੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਆਰਐਸਐਸ ਦੀ ਵਿਚਾਰਧਾਰਾ ਨੂੰ ਅਪਣਾਇਆ ਹੈ। ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਗਲਾ ਕੱਟ ਦਿਓ, ਪਰ ਆਰਐਸਐਸ ਦਫ਼ਤਰ ਨਹੀਂ ਜਾਵਾਂਗਾ। ਰਾਹੁਲ ਨੇ ਕਿਹਾ, ਵਰੁਣ ਗਾਂਧੀ ਭਾਜਪਾ ਵਿੱਚ ਹਨ। ਜੇਕਰ ਉਹ ਭਾਜਪਾ ਤੋਂ ਚਲੇ ਗਏ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਰੀ ਵਿਚਾਰਧਾਰਾ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ।
ਇਸਤੋਂ ਇਲਾਵਾ ਸੂਬੇ ਦੀ ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾ ਸਕਦਾ ਹੈ, ਨਾ ਕਿ ਬਾਹਰੋਂ, ਕਿਉਂਕਿ ਇਹ ਪੰਜਾਬੀਆਂ ਦੇ ਮਾਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, "ਪੰਜਾਬ ਸਰਕਾਰ ਨਾਲ ਮੇਰੀ ਸ਼ਿਕਾਇਤ ਹੈ, ਕਿ ਪੰਜਾਬ ਨੇ ਉਨ੍ਹਾਂ ਨੂੰ ਮੌਕਾ ਦਿੱਤਾ, ਪਰ ਉਨ੍ਹਾਂ ਨੇ ਸੂਬੇ ਨੂੰ ਕੋਈ ਵਿਜ਼ਨ ਨਹੀਂ ਦਿੱਤਾ।''
ਮੀਡੀਆ ਬਾਰੇ ਰਾਹੁਲ ਗਾਂਧੀ ਨੇ ਕਿਹਾ, ਮੈਂ 'ਗੋਦੀ ਮੀਡੀਆ' ਸ਼ਬਦ ਨਹੀਂ ਲਿਆਇਆ, ਇਹ ਮੇਰੇ ਸ਼ਬਦ ਨਹੀਂ ਹਨ । ਮੈਂ ਪੱਤਰਕਾਰਾਂ ਦੀ ਆਲੋਚਨਾ ਨਹੀਂ ਕਰਦਾ, ਪਰ ਮੈਂ ਮੀਡੀਆ ਦੇ ਢਾਂਚੇ ਦੀ ਆਲੋਚਨਾ ਕਰਦਾ ਹਾਂ। ਮੈਂ ਨਿਰਪੱਖ ਅਤੇ ਆਜ਼ਾਦ ਮੀਡੀਆ ਚਾਹੁੰਦਾ ਹਾਂ।
ਇਸਤੋਂ ਇਲਾਵਾ ਸੁਰੱਖਿਆ 'ਚ ਕੁਤਾਹੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਇੱਕ ਵਿਅਕਤੀ ਮੈਨੂੰ ਜੱਫੀ ਪਾਉਣ ਆਇਆ ਸੀ, ਪਤਾ ਨਹੀਂ ਕਿਉਂ ਉਹ ਇਸਨੂੰ ਕੁਤਾਹੀ ਕਹਿ ਰਹੇ ਹਨ। ਉਹ ਦੌਰੇ ਦੌਰਾਨ ਬਹੁਤ ਉਤਸ਼ਾਹਿਤ ਸੀ। ਇਸਨੂੰ ਸੁਰੱਖਿਆ ਦੀ ਕਮੀ ਨਹੀਂ ਕਹਿ ਸਕਦੇ। ਸੁਰੱਖਿਆ ਕਰਮਚਾਰੀ ਨੇ ਉਸ ਨੂੰ ਚੈੱਕ ਕੀਤਾ ਅਤੇ ਉਹ ਸਿਰਫ ਉਤਸ਼ਾਹਿਤ ਸੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ 'ਚ ਅਮੀਰ ਅਤੇ ਗਰੀਬ ਦੇ ਵਧ ਰਹੇ ਪਾੜੇ 'ਤੇ ਵੀ ਸਵਾਲ ਚੁੱਕੇ । ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ 50 ਫੀਸਦੀ ਗਰੀਬ ਲੋਕ 64 ਫੀਸਦੀ ਜੀ.ਐੱਸ.ਟੀ. ਦੇ ਰਹੇ ਹਨ। ਇਸ ਦੇ ਦੂਜੇ ਪਾਸੇ ਦੇਸ਼ ਦੇ 10 ਫੀਸਦੀ ਅਮੀਰ ਲੋਕ ਸਿਰਫ 3 ਫੀਸਦੀ ਜੀ.ਐੱਸ.ਟੀ. ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ 40 ਫੀਸਦੀ ਦੌਲਤ 'ਤੇ 1 ਫੀਸਦੀ ਅਮੀਰਾਂ ਦਾ ਕੰਟਰੋਲ ਹੈ, ਜਦਕਿ ਦੇਸ਼ ਦੀ 50 ਫੀਸਦੀ ਆਬਾਦੀ ਕੋਲ ਸਿਰਫ 3 ਫੀਸਦੀ ਦੌਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੀਡੀਆ ਇਨ੍ਹਾਂ ਗੱਲਾਂ 'ਤੇ ਸਵਾਲ ਨਹੀਂ ਉਠਾਉਂਦਾ।