
ਰਾਜਾ ਵੜਿੰਗ ਨੇ ਇਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਚੁਕੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਸਰਕਾਰ ਸੁਸਤ ਬੈਠੀ ਹੈ।
ਵੜਿੰਗ ਨੇ ਸਨਸਨੀਖੇਜ਼ ਦਾਅਵਾ ਕੀਤਾ ਕਿ ਉਸ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ । ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਆਗੂ ਨਾ ਕਦੇ ਡਰੇ ਹਨ ਅਤੇ ਨਾ ਹੀ ਡਰਣਗੇ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਬੁੱਧਵਾਰ ਨੂੰ ਸ਼ਹੀਦ ਕਰਨੈਲ ਸਿੰਘ ਨਗਰ ਵਿੱਚ ਵਾਰਡ ਪੱਧਰੀ ਮੀਟਿੰਗ ਦੌਰਾਨ ਕਾਂਗਰਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੋਮਵਾਰ ਨੂੰ ਸੱਤ ਵਾਰਡਾਂ ਵਿੱਚ ਅਜਿਹੀਆਂ ਨੁੱਕੜ ਮੀਟਿੰਗਾਂ ਕੀਤੀਆਂ ਸਨ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਚੋਣ ਵਿੱਚ 50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਯਾਨੀ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟਿਕਟ ਦੇਣ ਵਿੱਚ ਪਹਿਲ ਦਿੱਤੀ ਜਾਵੇਗੀ। ਬਾਕੀ ਟਿਕਟਾਂ ਉਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਕਿਉਂਕਿ ਕਿਸੇ ਵੀ ਕੰਮ ਲਈ ਤਜ਼ਰਬੇ ਦੀ ਲੋੜ ਹੁੰਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਿਗਮ ਚੋਣਾਂ ਵਿੱਚ ਜਿਸ ਨੂੰ ਲੋਕ ਚਾਹੁਣਗੇ, ਉਨ੍ਹਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸੀਆਂ ਵਿੱਚ ਪੈਦਾ ਹੋਈ ਨਿਰਾਸ਼ਾ ਬਾਰੇ ਉਨ੍ਹਾਂ ਕਿਹਾ ਕਿ ਆਪਸ ਵਿੱਚ ਕੋਈ ਵਿਵਾਦ ਨਹੀਂ ਹੈ ਅਤੇ ਅਹੁਦੇ ਦੇਣ ਵਿੱਚ ਕੋਈ ਭੇਦਭਾਵ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਲੋਕ ਹੁਣ ‘ਆਪ’ ਦੀ ਸਰਕਾਰ ਬਣਾਉਣ ਨੂੰ ਆਪਣੀ ਭੁੱਲ ਸਮਝ ਰਹੇ ਹਨ। ਇਹ ਸਰਕਾਰ ਸਿਰਫ ਝੂਠੇ ਵਾਅਦਿਆਂ 'ਤੇ ਆਧਾਰਿਤ ਹੈ। ਸਰਕਾਰ ਦੇ ਅੱਠ ਮਹੀਨੇ ਹੋ ਗਏ ਹਨ, ਪਰ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਵੀ ਨਹੀਂ ਸੁਣ ਰਹੀ। ਪਹਿਲਾਂ ਲੋਕ ਉਮੀਦਵਾਰ ਨੂੰ ਦੇਖ ਕੇ ਵੋਟ ਪਾਉਂਦੇ ਸਨ, ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਹੁਣ ਸਾਢੇ ਚਾਰ ਸਾਲ ਕਿਵੇਂ ਕੱਟੋਗੇ, ਆਉਣ ਵਾਲੀਆਂ ਨਿਗਮ ਚੋਣਾਂ ਵਿੱਚ ਵੋਟਰ ਮੁੜ ਕਾਂਗਰਸ ਵੱਲ ਹਨ ਅਤੇ ਅਸੀਂ ਬਹੁਮਤ ਲੈ ਕੇ ਆਵਾਂਗੇ।