ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਕਿਸਾਨਾਂ ਦੇ ਸਾਂਝੇ ਮੋਰਚੇ ਦੇ ਆਗੂ ਬਲਬੀਰ ਰਾਜੇਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲਿਆ ਜਾਵੇਗਾ।
ਰਾਜੇਵਾਲ ਨੇ ਕਿਹਾ ਕਿ ਅਸੀਂ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਅਸੀਂ ਉਨ੍ਹਾਂ ਨੂੰ ਉਮੀਦਵਾਰਾਂ ਦੀ ਸੂਚੀ ਵੀ ਨਹੀਂ ਦਿੱਤੀ ਹੈ। ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ 'ਆਪ' ਉਮੀਦਵਾਰਾਂ 'ਚ ਹਲਚਲ ਮਚ ਗਈ ਹੈ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਦਹਿਸ਼ਤ ਦਾ ਮਾਹੌਲ ਜ਼ਿਆਦਾ ਹੈ, ਕਿਉਂਕਿ ਇਹ ਸੀਟਾਂ ਕਿਸਾਨ ਆਗੂਆਂ ਦੇ ਨਿਸ਼ਾਨੇ ’ਤੇ ਹਨ।
ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ 117 ਹੈ। ਜਿਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਨੇ ਆਪਣੇ 96 ਉਮੀਦਵਾਰ ਐਲਾਨ ਦਿੱਤੇ ਹਨ। 10 ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸਾਬਕਾ ਅਫਸਰਾਂ ਅਤੇ ਪੰਜਾਬੀ ਗਾਇਕਾਂ 'ਤੇ ਵੀ ਦਾਵ ਲਾਇਆ ਗਿਆ ਹੈ। ਹੁਣ ਸਿਰਫ਼ 21 ਸੀਟਾਂ ਬਚੀਆਂ ਹਨ। ਇਹਨਾਂ 'ਤੇ ਵੀ ਜਲਦੀ ਹੀ ਉਮੀਦਵਾਰ ਐਲਾਨੇ ਜਾਣੇ ਹਨ। ਅਜਿਹੇ 'ਚ ਜੇਕਰ ਆਮ ਆਦਮੀ ਪਾਰਟੀ ਕਿਸਾਨਾਂ ਲਈ ਆਪਣੇ ਐਲਾਨੇ ਉਮੀਦਵਾਰਾਂ ਨੂੰ ਹਟਾਉਂਦੀ ਹੈ ਤਾਂ 'ਆਪ' ਵਿੱਚ ਹੜਕੰਪ ਮੱਚ ਜਾਵੇਗਾ।
ਇਸ ਗੱਠਜੋੜ ਦਾ ਮੁੱਖ ਕਾਰਨ ਚੋਣ ਨਿਸ਼ਾਨ ਹੋ ਸਕਦਾ ਹੈ। 'ਆਪ' ਚਾਹੁੰਦੀ ਹੈ ਕਿ ਕਿਸਾਨ ਆਗੂ ਚੋਣ ਨਿਸ਼ਾਨ ਝਾੜੂ 'ਤੇ ਚੋਣ ਲੜਨ ਤਾਂ ਜੋ ਉਹ ਜਿੱਤ ਤੋਂ ਬਾਅਦ ਪਾਰਟੀ ਨਾ ਬਦਲ ਸਕਣ। ਦੂਜੇ ਪਾਸੇ ਕਿਸਾਨ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਰਵਾਇਤੀ ਸਿਆਸੀ ਪਾਰਟੀ ਦਾ ਟੈਗ ਨਾ ਲੱਗੇ।
ਦੱਸ ਦੇਈਏ ਕਿ ਅੱਜ ਤੋਂ ਸਿਰਫ ਦੋ ਦਿਨ ਪਹਿਲਾਂ ਬਲਬੀਰ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ 'ਆਪ' ਨਾਲ ਗਠਜੋੜ ਸਿਰਫ ਅਫਵਾਹਾਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਾਡੇ ਰਾਜਨੀਤੀ ਚ ਆਉਣ ਨਾਲ ਖ਼ਤਰਾ ਹੈ ਇਸ ਲਈ ਉਹ ਇਹ ਕਹਿ ਰਹੀਆਂ ਹਨ ਕਿ ਸਾਨੂੰ ਰਾਜਨੀਤੀ ਵਿਚ ਨਹੀਂ ਆਉਣਾ ਚਾਹੀਦਾ।