ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਨੂੰ ਅਕਸਰ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚੋਂ ਦਹਿਸ਼ਤ ਦਾ ਖਾਤਮਾ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਇਸ ਵਾਰ ਉਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਧਮਕੀ ਦਿੱਤੀ ਗਈ ਹੈ। ਸਾਂਸਦ ਰਵਨੀਤ ਸਿੰਘ ਬਿੱਟੂ ਲਗਾਤਾਰ ਅੱਤਵਾਦੀਆਂ ਖਿਲਾਫ ਬੋਲਦੇ ਆ ਰਹੇ ਹਨ ਅਤੇ ਪੰਜਾਬ 'ਚੋਂ ਗੈਂਗਸਟਰਾਂ ਨੂੰ ਖਤਮ ਕਰਨ ਦੀ ਗੱਲ ਵੀ ਕਰਦੇ ਹਨ। ਸੰਸਦ ਮੈਂਬਰ ਬਿੱਟੂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਅਤੇ ਧਮਕੀਆਂ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਜਲਦੀ ਹੀ ਜਾਂਚ ਦਾ ਭਰੋਸਾ ਦਿੱਤਾ ਅਤੇ ਪੁਲਿਸ ਨੂੰ ਸਖ਼ਤ ਆਦੇਸ਼ ਵੀ ਦਿੱਤੇ ਹਨ, ਕਿ ਸੁਰੱਖਿਆ ਵਿਵਸਥਾ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।
ਇਸ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਹੈ। ਸੀਪੀ ਡਾ. ਸ਼ਰਮਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਫੋਨ ਆਇਆ ਅਤੇ ਧਮਕੀ ਦੇਣ ਵਾਲੇ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ 'ਚ ਰੁਕਾਵਟ ਨਾ ਬਣਨ, ਨਹੀਂ ਤਾਂ ਇਸਦੇ ਨਤੀਜ਼ੇ ਭੁਗਤਣੇ ਪੈਣਗੇ ।
ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਬੰਦੀ ਸਿੰਘਾਂ ਖਿਲਾਫ ਬਿੱਟੂ ਬੋਲਣਾ ਬੰਦ ਕਰ ਦੇਣ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ। ਪਹਿਲਾਂ ਹੀ ਐਮਪੀ ਬਿੱਟੂ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਧਾ ਕੇ ਜ਼ੈੱਡ+ ਕਰ ਦਿੱਤੀ ਗਈ ਹੈ। ਹੁਣ ਸੰਸਦ ਮੈਂਬਰ ਬਿੱਟੂ ਦੀ ਦਿੱਲੀ ਕੋਠੀ ਦੀ ਸੁਰੱਖਿਆ ਘੇਰਾਬੰਦੀ ਵੀ ਵਧਾ ਦਿੱਤੀ ਗਈ ਹੈ। ਲੁਧਿਆਣਾ ਕੋਠੀ ਦੇ ਬਾਹਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।
ਪੁਲਿਸ ਅਧਿਕਾਰੀਆਂ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕਰਨ ਦੇ ਨਾਲ-ਨਾਲ ਉੱਚ ਪੱਧਰੀ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਧਮਕੀਆਂ ਮਿਲੀਆਂ ਹੋਣ। ਕਈ ਵਾਰ ਧਮਕੀਆਂ ਮਿਲਣ ਦੇ ਬਾਵਜੂਦ ਅੱਜ ਤੱਕ ਫੋਨ ਕਰਨ ਵਾਲੇ ਲੋਕ ਫੜੇ ਨਹੀਂ ਗਏ। ਇੱਥੋਂ ਤੱਕ ਕਿ ਸਾਈਬਰ ਸੈੱਲ ਵੀ ਇਹ ਪਤਾ ਲਗਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ, ਕਿ ਇਹ ਲੋਕ ਕੌਣ ਹਨ ਅਤੇ ਇਸ ਸਮੇਂ ਕਿਸ ਸਥਾਨ ਤੋਂ ਫੋਨ ਕਰ ਰਹੇ ਹਨ।