
ਸਿੱਧੂ-ਮਜੀਠੀਆ ਦੇ ਜਫੀ ਪਾਉਣ 'ਤੇ ਐਮ.ਪੀ ਬਿੱਟੂ ਨਾਰਾਜ਼ ਨਜ਼ਰ ਆ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਬਾਰੇ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਤਾਅਨਾ ਮਾਰਿਆ ਹੈ।
ਬਿੱਟੂ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਨਵਜੋਤ ਸਿੱਧੂ ਨੇ ਰੈਲੀਆਂ ਕਰਕੇ ਸਿਰਫ ਇੱਕ ਗੱਲ ਕਹੀ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਜ਼ਿੰਦਗੀ ਵਿੱਚ ਮਿਲਣਾ ਅਤੇ ਹੱਥ ਮਿਲਾਉਣਾ ਵੱਖਰੀ ਗੱਲ ਹੈ, ਪਰ ਸਿੱਧੂ ਸਾਹਬ ਦੇ ਮਜੀਠੀਆ ਪ੍ਰਤੀ ਰਵੱਈਏ ਤੋਂ ਕਾਂਗਰਸੀ ਵਰਕਰ ਕਾਫੀ ਨਿਰਾਸ਼ ਹਨ। ਦੋ ਦਿਨ ਪਹਿਲਾਂ ਸਿੱਧੂ ਨੇ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਵਿਧਾਨ ਸਭਾ 'ਚ ਜਨਤਕ ਤੌਰ 'ਤੇ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਕਿਹਾ ਸੀ। ਦੂਜੇ ਪਾਸੇ ਮਜੀਠੀਆ ਸਿੱਧੂ ਨੂੰ ਠੋਕੋ ਟਾਲੀ ਕਹਿ ਕੇ ਤਾਅਨੇ ਮਾਰਦਾ ਸੀ। ਵੀਰਵਾਰ ਨੂੰ ਜਲੰਧਰ 'ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਜੱਫੀ ਪਾਈ ਸੀ।
ਆਮ ਪ੍ਰੋਗਰਾਮ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਥਾਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਅਤੇ ਇਕ-ਦੂਜੇ ਨੂੰ ਤਿੱਖਾ ਨਿਸ਼ਾਨਾ ਬਣਾਉਣ ਵਾਲੇ ਦੋਵੇਂ ਆਗੂ ਸਰਬ ਪਾਰਟੀ ਮੀਟਿੰਗ ਵਿਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ ਸਨ । ਪੰਜਾਬ ਦੀ ਸਿਆਸਤ ਵਿੱਚ ਦੋਵੇਂ ਆਗੂ ਇੱਕ ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਨਵਜੋਤ ਸਿੰਘ ਸਿੱਧੂ ਪਿਛਲੇ ਦੋ ਸਾਲਾਂ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਸ਼ਾ ਤਸਕਰ ਆਖਦੇ ਆ ਰਹੇ ਹਨ, ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਵੀ ਸਿੱਧੂ ਦੇ ਇੰਨੇ ਵੱਡੇ ਵਿਰੋਧੀ ਹਨ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਪਣੀ ਰਵਾਇਤੀ ਸੀਟ ਛੱਡ ਕੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਨਵਜੋਤ ਸਿੰਘ ਸਿੱਧੂ ਵਿਰੁੱਧ ਚੋਣ ਲੜੀ ਸੀ।