ਪੀਐੱਮ ਮੋਦੀ ਨੂੰ ਚਿੱਠੀ: ਅਫਰੀਕੀ ਵਿਦਿਆਰਥੀ ਡਰੱਗ ਤਸਕਰੀ ਵਿੱਚ ਸ਼ਾਮਲ: ਬਿੱਟੂ

ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ, ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੇ ਅਫਰੀਕੀ ਵਿਦਿਆਰਥੀ ਖਾਸ ਕਰਕੇ ਨਾਈਜੀਰੀਅਨ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਹਨ।
ਪੀਐੱਮ ਮੋਦੀ ਨੂੰ ਚਿੱਠੀ: ਅਫਰੀਕੀ ਵਿਦਿਆਰਥੀ ਡਰੱਗ ਤਸਕਰੀ ਵਿੱਚ ਸ਼ਾਮਲ: ਬਿੱਟੂ

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਬਿਆਨ ਦੇ ਕੇ ਖਲਬਲੀ ਮਚਾ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੇ ਅਫਰੀਕੀ ਵਿਦਿਆਰਥੀ ਖਾਸ ਕਰਕੇ ਨਾਈਜੀਰੀਅਨ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਹਨ।

ਬਿੱਟੂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਤੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਬਿੱਟੂ ਦੀ ਇਹ ਪ੍ਰਤੀਕਿਰਿਆ ਗੁਰੂਗ੍ਰਾਮ ਦੀ ਇਕ ਯੂਨੀਵਰਸਿਟੀ 'ਚ ਫੁੱਟਬਾਲ ਮੈਚ ਦੌਰਾਨ ਦਿੱਲੀ ਯੂਨੀਵਰਸਿਟੀ ਦੇ ਸਥਾਨਕ ਅਤੇ ਅਫਰੀਕੀ ਵਿਦਿਆਰਥੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਆਈ ਹੈ। ਆਪਣੇ ਦਾਅਵੇ ਵਿੱਚ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਨਸ਼ਾਖੋਰੀ ਦਾ ਖ਼ਤਰਾ ਵੱਧ ਰਿਹਾ ਹੈ।

ਕੁਝ ਵਿਦੇਸ਼ੀ ਵਿਦਿਆਰਥੀ ਖਾਸ ਕਰਕੇ ਅਫਰੀਕੀ ਦੇਸ਼ਾਂ ਜਿਵੇਂ ਕਿ ਨਾਈਜੀਰੀਆ ਆਦਿ ਤੋਂ ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਹਨ। ਪਹਿਲਾਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਹੀ ਹੈਰੋਇਨ ਦੀ ਸਪਲਾਈ ਦਾ ਇੱਕੋ ਇੱਕ ਰਸਤਾ ਸੀ, ਪਰ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਅਫ਼ਰੀਕੀ ਵਿਦਿਆਰਥੀਆਂ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ, ਹੈਰੋਇਨ ਅਤੇ ਹੋਰ ਸਿੰਥੈਟਿਕ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸੰਸਦ ਮੈਂਬਰ ਨੇ ਕਿਹਾ ਕਿ ਵੱਖ-ਵੱਖ ਕੇਸ ਸਟੱਡੀਜ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰੀ ਲਈ ਬਰਾਬਰ ਗਿਣਤੀ ਵਿੱਚ ਵਿਦਿਆਰਥਣਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਅਤੇ ਖੁਫੀਆ ਏਜੰਸੀਆਂ ਨੂੰ ਇੱਥੋਂ ਤੱਕ ਪਤਾ ਲੱਗਾ ਹੈ ਕਿ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਗਰੁੱਪ ਬਣਾ ਲਏ ਹਨ।

ਇਹ ਰਿਕਾਰਡ ਦੀ ਗੱਲ ਹੈ ਕਿ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਸੈਂਕੜੇ ਅਫਰੀਕੀ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਮੱਸਿਆ ਦਾ ਜੰਗੀ ਪੱਧਰ 'ਤੇ ਟਾਕਰਾ ਕਰਨ ਲਈ ਵਿਆਪਕ ਰਣਨੀਤੀ ਘੜਨ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਪ੍ਰਕਿਰਿਆ ਵਿਚ ਬਹੁਤ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ। ਬਿੱਟੂ ਨੇ ਪੀਐਮ ਮੋਦੀ ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਅਜਿਹੀਆਂ ਗਤੀਵਿਧੀਆਂ 'ਤੇ ਨਿਗਰਾਨੀ ਵਧਾਉਣ ਲਈ ਤੁਰੰਤ ਕਦਮ ਚੁੱਕਣ ਦਾ ਸੁਝਾਅ ਵੀ ਦਿੱਤਾ ਅਤੇ ਕਿਹਾ ਕਿ ਜ਼ਿਲ੍ਹਿਆਂ ਦੀਆਂ ਖੁਫੀਆ ਇਕਾਈਆਂ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤੇ ਬਿਨਾਂ ਪੰਜਾਬ ਵਿੱਚ ਅਫਰੀਕੀ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦਾ ਵਿਸਥਾਰਪੂਰਵਕ ਸਰਵੇਖਣ ਕਰਨ।

Related Stories

No stories found.
Punjab Today
www.punjabtoday.com