
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਂ ਕਾਫੀ ਚਰਚਾ ਵਿਚ ਹੈ। ਲਾਰੈਂਸ ਬਿਸ਼ਨੋਈ ਵੱਲੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।
ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁੰਬਈ ਪੁਲਿਸ ਅਭਿਨੇਤਾ ਸਲਮਾਨ ਖਾਨ ਨੂੰ Y+ ਸ਼੍ਰੇਣੀ ਸੁਰੱਖਿਆ ਕਵਰ ਪ੍ਰਦਾਨ ਕਰੇਗੀ। ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਜੇਲ੍ਹ ਵਿੱਚ ਹੈ। ਬਿਸ਼ਨੋਈ ਗੈਂਗ 'ਤੇ ਇਸ ਸਾਲ ਮਈ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦਾ ਦੋਸ਼ ਹੈ।
ਲਾਰੈਂਸ ਬਿਸ਼ਨੋਈ ਨੇ ਕੁਝ ਸਾਲ ਪਹਿਲਾਂ ਵੀ ਜੋਧਪੁਰ ਦੀ ਅਦਾਲਤ 'ਚ ਸੁਣਵਾਈ ਦੌਰਾਨ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸਲਮਾਨ ਖਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕਰਕੇ ਬਿਸ਼ਨੋਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਦਾ ਕਹਿਣਾ ਹੈ ਕਿ ਬਿਸ਼ਨੋਈ ਸਮਾਜ ਕਾਲੇ ਹਿਰਨ ਦੀ ਪੂਜਾ ਕਰਦਾ ਹੈ ਅਤੇ ਸਲਮਾਨ ਖਾਨ ਨੇ ਉਸ ਨੂੰ ਮਾਰ ਕੇ ਬਿਸ਼ਨੋਈਆਂ ਨੂੰ ਭੜਕਾਇਆ ਹੈ।
ਹਾਲ ਹੀ 'ਚ ਸਲਮਾਨ ਖਾਨ ਦੇ ਪਰਿਵਾਰ ਨੂੰ ਧਮਕੀ ਕਾਗਜ਼ ਦੀ ਪਰਚੀ ਦੇ ਰੂਪ 'ਚ ਮਿਲੀ ਸੀ। ਕਿਸੇ ਨੇ ਧਮਕੀ ਵਾਲੀ ਪਰਚੀ ਉਸੇ ਬੈਂਚ 'ਤੇ ਛੱਡ ਦਿੱਤੀ ਸੀ, ਜਿੱਥੇ ਸਲਮਾਨ ਖਾਨ ਦੇ ਪਿਤਾ, ਲੇਖਕ ਸਲੀਮ ਖਾਨ ਆਪਣੀ ਨਿਯਮਤ ਸਵੇਰ ਦੀ ਸੈਰ ਤੋਂ ਬਾਅਦ ਬੈਠਦੇ ਸਨ। ਇਸ ਧਮਕੀ ਤੋਂ ਬਾਅਦ ਸਲਮਾਨ ਨੂੰ ਮੁੰਬਈ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਸੀ। ਪਰ ਹੁਣ, ਉਨ੍ਹਾਂ ਨੂੰ ਮਹਾਰਾਸ਼ਟਰ ਰਾਜ ਸਰਕਾਰ ਦੁਆਰਾ Y+ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਲਮਾਨ ਖਾਨ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਅਨੁਪਮ ਖੇਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਅਕਸ਼ੈ ਨੂੰ ਐਕਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਫਰਤ ਅਤੇ ਧਮਕੀਆਂ ਨੂੰ ਦੱਸਿਆ ਜਾ ਰਿਹਾ ਹੈ। ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਅਨੁਪਮ ਖੇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਣ ਅਨੁਪਮ ਖੇਰ ਨੂੰ ਵੀ X ਸੁਰੱਖਿਆ ਦਿਤੀ ਗਈ ਹੈ।