
SGPC ਲਗਾਤਾਰ ਗੁਰਦਆਰਿਆਂ ਦੀ ਰੱਖ ਰਖਾਵ ਲਈ ਵਧੀਆ ਕੰਮ ਕਰਦੀ ਰਹਿੰਦੀ ਹੈ। ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਆਮ ਆਦਮੀ ਪਾਰਟੀ (ਆਪ) ਦੇ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੇ ਸੁਝਾਵਾਂ ਨਾਲ ਸਾਲਾਨਾ ਬਜਟ ਤਿਆਰ ਕਰਨ ਦਾ ਮਨ ਬਣਾ ਲਿਆ ਹੈ।
ਇਸ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਈ-ਮੇਲ sgpcbudgetsuggestions@gmail.com ਜਾਰੀ ਕੀਤੀ ਗਈ ਹੈ, ਜਿਸ 'ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਜਟ ਤਿਆਰ ਕਰਨ ਤੋਂ ਪਹਿਲਾਂ ਲੋਕਾਂ ਤੋਂ ਸੁਝਾਅ ਮੰਗੇ ਸਨ। ਉਨ੍ਹਾਂ ਕਿਹਾ ਕਿ ਬਜਟ ਜਨਤਾ ਦਾ ਹੈ, ਇਸ ਲਈ ਇਸ ਦਾ ਫੈਸਲਾ ਉਨ੍ਹਾਂ ਨੂੰ ਹੀ ਕਰਨਾ ਚਾਹੀਦਾ ਹੈ। ਹੁਣ ਐਸਜੀਪੀਸੀ ਵੀ ਇਸ ਰਾਹ 'ਤੇ ਤੁਰ ਪਈ ਹੈ।
ਸ਼੍ਰੋਮਣੀ ਕਮੇਟੀ ਨੇ ਵੀ ਇਸ ਸਾਲ ਦਾ ਬਜਟ ਜਨਤਾ ਦੇ ਸੁਝਾਵਾਂ 'ਤੇ ਤਿਆਰ ਕਰਨ ਦਾ ਮਨ ਬਣਾ ਲਿਆ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਵਿਚ ਹਰ ਕੋਈ ਆਪਣੀ ਕਮਾਈ ਦਾ ਦਸਵੰਧ ਕੱਢਦਾ ਹੈ। ਜਿਸ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਗੁਰੂ ਦੀ ਗੋਲਕ ਦੀ ਹਰ ਪਾਈ ਦਾ ਹਿਸਾਬ ਰੱਖਣਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਪੈਨਲ ਬਜਟ ਤਿਆਰ ਕਰਦਾ ਹੈ ਤਾਂ ਜੋ ਗੋਲਕ ਵਿੱਚ ਆਉਣ ਵਾਲੇ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕੇ।
ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪੈਸਾ ਸੰਗਤ ਦਾ ਹੈ। ਇਸ ਲਈ ਲੋੜ ਹੈ ਕਿ ਸੰਗਤ ਆਪ ਹੀ ਤੈਅ ਕਰੇ ਕਿ ਇਸ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਐਸਜੀਪੀਸੀ ਨੇ ਇਸ ਲਈ ਇੱਕ ਈਮੇਲ ਪਤਾ sgpcbudgetsuggestions@gmail.com ਜਾਰੀ ਕੀਤਾ ਹੈ। ਜਿਸ 'ਤੇ ਲੋਕ ਈ-ਮੇਲ ਰਾਹੀਂ ਆਪਣੀ ਰਾਏ ਭੇਜ ਸਕਦੇ ਹਨ। ਈ-ਮੇਲ ਐਡਰੈੱਸ ਜਾਰੀ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਵੀ ਯੋਗਦਾਨ ਪਾ ਸਕਣ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਨੇ 988 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ, ਜੋ ਇਸ ਸਾਲ 1000 ਕਰੋੜ ਰੁਪਏ ਤੋਂ ਵੀ ਪਾਰ ਜਾ ਸਕਦਾ ਹੈ। ਪਿਛਲੀ ਵਾਰ ਸਿੱਖਿਆ 'ਤੇ 231 ਕਰੋੜ ਰੁਪਏ ਖਰਚ ਕੀਤੇ ਗਏ ਸਨ। ਜਦਕਿ ਸ਼੍ਰੋਮਣੀ ਕਮੇਟੀ ਦੀ ਆਮਦਨ 958 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਸੀ।