ਸ਼ੇਖਾਵਤ ਨੇ ਕਸਿਆ ਸਿੱਧੂ ਤੇ ਤੰਜ, ਕਿਹਾ ਸਿੱਧੂ ਹੰਕਾਰ ਨਾਲ ਭਰੇ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਦੇ ‘ਖੰਗਾਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ’ ਵਰਗੇ ਬਿਆਨ ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦੇ ਹਨ।
ਸ਼ੇਖਾਵਤ ਨੇ ਕਸਿਆ ਸਿੱਧੂ ਤੇ ਤੰਜ, ਕਿਹਾ ਸਿੱਧੂ ਹੰਕਾਰ ਨਾਲ ਭਰੇ ਹਨ।

ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਅੱਜ ਜਲੰਧਰ ਵਿੱਚ ਆਪਣੇ ਦਫ਼ਤਰ ਦਾ ਉਦਘਾਟਨ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹਵਨ ਯੱਗ ਕਰਕੇ ਨਾਰੀਅਲ ਤੋੜ ਕੇ ਕੀਤਾ।

ਪਾਰਟੀ ਦੀਆਂ ਸਾਰੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਸੂਬੇ ਦੇ ਮੁੱਖ ਦਫ਼ਤਰ ਤੋਂ ਹੀ ਸੰਚਾਲਿਤ ਕੀਤੀਆਂ ਜਾਣਗੀਆਂ। ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮੌਕੇ ਕਿਹਾ ਕਿ ਸੂਬੇ ਵਿੱਚ ਜਿੱਥੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਲੈ ਕੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਆਪਸ ਵਿੱਚ ਲੜ ਰਹੇ ਹਨ, ਉੱਥੇ ਅਮਨ-ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਿੱਧੂ ਨੂੰ ਹੰਕਾਰ ਨਾਲ ਭਰਿਆ ਕਰਾਰ ਦਿੱਤਾ ਅਤੇ ਉਨ੍ਹਾਂ ਦੇ‘ਖੰਗਾਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ’ ਵਾਲੇ ਬਿਆਨ ਦੀ ਵੀ ਨਿੰਦਾ ਕੀਤੀ।

ਸ਼ੇਖਾਵਤ ਨੇ ਕਿਹਾ ਕਿ ਸਿੱਧੂ ਦੇ ਅਜਿਹੇ ਬਿਆਨ ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦੇ ਹਨ, ਉਨ੍ਹਾਂ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਕੇ ਉਥੋਂ ਦੇ ਜਨਰਲ ਨਾਲ ਗਲਵੱਕੜੀਆਂ ਪਾਉਣ ਵਾਲੇ ਸਿੱਧੂ ਦੁਆਰਾ ਦੇਸ਼ ਅਤੇ ਲੋਕਾਂ ਦੀ ਰਾਖੀ ਕਰਨ ਵਾਲਿਆਂ ਪ੍ਰਤੀ ਅਜਿਹੀ ਗਾਲੀ-ਗਲੋਚ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿਰ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ 'ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਕੋਲ ਨਾ ਤਾਂ ਕੋਈ ਯੋਜਨਾ ਹੈ ਅਤੇ ਨਾ ਹੀ ਪੰਜਾਬ ਨੂੰ ਅੱਗੇ ਲਿਜਾਣ ਦੀ ਕੋਈ ਯੋਜਨਾ ਹੈ।

ਸ਼ੇਖਾਵਤ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ, ਪਰ ਮੌਜੂਦਾ ਵਿਕਾਸ ਦੇ ਅੰਕੜਿਆਂ ਅਨੁਸਾਰ ਪੰਜਾਬ ਹੁਣ ਮਿਜ਼ੋਰਮ ਤੋਂ ਹੇਠਾਂ ਇੱਕ ਨੰਬਰ ਤੇ ਹੈ। ਬੇਅਦਬੀ ਦੀਆਂ ਘਟਨਾਵਾਂ 'ਤੇ ਉਨ੍ਹਾਂ ਕਿਹਾ ਕਿ ਇੱਥੇ ਸਾਜ਼ਿਸ਼ਕਰਤਾ ਅਤੇ ਦੇਸ਼ ਵਿਰੋਧੀ ਤਾਕਤਾਂ ਮਿਲ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ 'ਤੇ ਚੁਟਕੀ ਲੈਂਦਿਆਂ ਸ਼ੇਖਾਵਤ ਨੇ ਕਿਹਾ ਕਿ ਜਦੋਂ ਉਹ ਦਿੱਲੀ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਕੂੜੇ ਦੇ ਵੱਡੇ ਪਹਾੜ ਨਜ਼ਰ ਆਉਂਦੇ ਹਨ। ਲੋਕਾਂ ਨੂੰ ਉਹ ਇਸਤੋਂ ਤਾਂ ਰਾਹਤ ਦੇ ਨਹੀਂ ਸਕੇ ਅਤੇ ਪੰਜਾਬ ਵਿੱਚ ਲੋਕਾਂ ਨੂੰ ਵੱਡੇ ਵੱਡੇ ਸਬਜ਼ੀਆਂ ਦੇ ਬਾਗ ਦਿਖਾ ਰਹੇ ਹਨ। ਉਨ੍ਹਾਂ ‘ਆਪ’ ਨੂੰ ਪੂਰੀ ਤਰ੍ਹਾਂ ਝੂਠੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਝੂਠੇ ਝਾਂਸਿਆਂ ਵਿੱਚ ਨਾ ਆਉਣ ਨੂੰ ਵੀ ਕਿਹਾ।

ਭਾਜਪਾ ਦੇ ਏਜੰਡੇ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਭਦਾ ਸਾਥ ਅਤੇ ਸਭਦਾ ਵਿਕਾਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਸਾਏ ਮਾਰਗ 'ਤੇ ਚੱਲੇਗੀ। ਟਿਕਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਕੌਮੀ ਲੀਡਰਸ਼ਿਪ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਉਹ ਖੁਦ ਵੀ ਹਾਜ਼ਰ ਰਹਿਣਗੇ।

Related Stories

No stories found.
logo
Punjab Today
www.punjabtoday.com