
ਪੰਜਾਬ ਗਾਇਕ ਮੂਸੇਵਾਲਾ ਦਾ ਪਿੱਛਲੇ ਸਾਲ ਜਵਾਹਰਕੇ 'ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਐਤਵਾਰ ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਆਪਣੇ ਨਿਵਾਸ ਸਥਾਨ 'ਤੇ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਮਲੇ 'ਚ ਇਨਸਾਫ਼ ਦੀ ਅਪੀਲ ਕੀਤੀ ਹੈ, ਪਰ ਮੈਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਬੇਸ਼ੱਕ ਕਤਲ ਕੇਸ ਵਿੱਚ ਕਈ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਪਰ ਪੁਲਿਸ ਅਜੇ ਤੱਕ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਜੇਕਰ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਅਗਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਆਪਣੀ ਥਾਰ ਕਾਰ ਨਾਲ ਪੰਜਾਬ ਦਾ ਦੌਰਾ ਕਰਨਗੇ। ਭਾਵੇਂ ਇਹ ਸਵਾਰੀ ਉਸਦੀ ਆਖਰੀ ਸਵਾਰੀ ਹੀ ਕਿਉਂ ਨਾ ਹੋਵੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਜੰਗ ਜਾਰੀ ਰੱਖੇਗਾ। ਉਨ੍ਹਾਂ ਇਸ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ।
ਬਲਕੌਰ ਸਿੰਘ ਨੇ ਦੱਸਿਆ ਕਿ ਅੱਜ ਵੀ ਜਦੋਂ ਉਹ ਥਾਰ ਦੀ ਗੱਡੀ ਦੀ ਸਫਾਈ ਕਰਦਾ ਹੈ ਤਾਂ ਉਸ ਵਿੱਚ ਉਸ ਦਾ ਪੁੱਤਰ ਬੈਠਾ ਨਜ਼ਰ ਆਉਂਦਾ ਹੈ। ਉਨ੍ਹਾਂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਬਰਸੀ 'ਤੇ ਚੁੱਪਚਾਪ ਇਨਸਾਫ਼ ਦੀ ਮੰਗ ਕਰਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਾ ਲੈਣ। ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਵਰ੍ਹੇਗੰਢ ਦੀ ਰੂਪਰੇਖਾ ਸਾਂਝੀ ਕਰੇਗਾ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਦਮ 'ਤੇ ਪੰਜਾਬ ਹੀ ਨਹੀਂ ਦੇਸ਼ ਅਤੇ ਦੁਨੀਆ 'ਚ ਚੰਗਾ ਨਾਮ ਕਮਾਇਆ ਸੀ। ਉਸ ਦੀ ਪ੍ਰਸਿੱਧੀ ਅਜਿਹੀ ਸੀ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੋਇਆ, ਉਸ ਦੇ ਪਿੰਡ ਵਿਚ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਪੁੱਤਰ ਨੂੰ ਮਾਰਿਆ ਹੈ, ਉਹ ਸਿਰਫ਼ ਕਿਰਾਏ ਦੇ ਲੋਕ ਸਨ, ਅਸਲ ਕਾਤਲ ਕੋਈ ਹੋਰ ਹਨ, ਜਿਨ੍ਹਾਂ ਨੂੰ ਲੱਭਣ ਦੀ ਲੋੜ ਹੈ।