
ਸਿੱਧੂ ਮੂਸੇਵਾਲਾ ਦੇ ਪਿਤਾ ਪੰਜਾਬ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ। ਪੰਜਾਬ ਦੇ ਤਰਨਤਾਰਨ ਦੀ ਗੋਇੰਦਵਾਲ ਜੇਲ 'ਚ ਗੈਂਗ ਵਾਰ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪ੍ਰਤੀਕਰਮ ਆਇਆ ਹੈ ਅਤੇ ਹੁਣ ਇਸ ਜੇਲ ਦੀ ਵੀਡੀਓ ਵਾਇਰਲ ਹੋ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਘਟਨਾ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਸਰਕਾਰ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਪੰਜਾਬ ਨੂੰ ਨਹੀਂ ਸੰਭਾਲ ਸਕਦੀ ਤਾਂ ਉਹ ਹਾਰ ਮੰਨ ਲਵੇ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ, ਕਿ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਜੇਲ੍ਹ ਦੀ ਵੀਡੀਓ ਦੇਖੀ ਹੈ। ਬਦਮਾਸ਼ਾਂ ਦੀ ਹਿੰਮਤ ਦੇਖੋ ਇਸ ਵੀਡੀਓ ਵਿੱਚ, ਵੀਡੀਓ 'ਚ ਇਹ ਕਤਲ ਦਿਨ-ਦਿਹਾੜੇ ਹੋਇਆ ਹੈ। ਇਸ ਤੋਂ ਬਾਅਦ ਬਦਮਾਸ਼ ਗਾਲ੍ਹਾਂ ਕੱਢ ਰਹੇ ਹਨ ਅਤੇ ਜੇਲ੍ਹ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਨ। ਉਹ ਸਰਕਾਰ ਅਤੇ ਕਾਨੂੰਨ ਨੂੰ ਟਿੱਚ ਸਮਝ ਰਹੇ ਹਨ, ਜਿਵੇਂ ਕਹਿ ਰਹੇ ਹੋਣ, ਤੁਸੀਂ ਜੋ ਕਰਦੇ ਹੋ ਕਰੋ। ਸਰਕਾਰ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਤੁਹਾਡੇ (ਆਪ ਸਰਕਾਰ) ਦੇ ਹੱਥ ਕੁਝ ਨਹੀਂ ਹੈ, ਤਾਂ ਹੱਥ ਖੜ੍ਹੇ ਕਰੋ। ਰਾਜਪਾਲ ਸ਼ਾਸਨ ਆਪਣੇ ਆਪ ਲਾਗੂ ਹੋ ਜਾਵੇਗਾ ਜਾਂ ਕੁਝ ਹੋਰ ਹੋਵੇਗਾ। ਰਾਜ ਚਲਾਉਣ ਲਈ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਐਤਵਾਰ ਨੂੰ ਹੀ ਗੋਇੰਦਵਾਲ ਸਾਹਿਬ 'ਚ ਗੈਂਗ ਵਾਰ ਦੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਦੂਜੇ ਪਾਸੇ ਇਸ ਘਟਨਾ ਵਿੱਚ ਸਿੱਧੂ ਮੂਸੇਵਾਲਾ ਦੇ ਕੁੱਝ ਕਾਤਲ ਵੀ ਮਾਰੇ ਗਏ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਹ ਪ੍ਰਤੀਕਿਰਿਆ ਉਨ੍ਹਾਂ ਪਿੰਡ ਮੂਸੇ ਵਿਖੇ ਹਵੇਲੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਪਹਿਲਾਂ ਪੰਜਾਬ ਦੀ ਗੋਇੰਦਵਾਲ ਜੇਲ੍ਹ ਅੰਦਰ 2 ਗੈਂਗਸਟਰਾਂ ਦੇ ਕਤਲ ਅਤੇ ਫਿਰ ਲਾਰੈਂਸ ਗੈਂਗ ਦੇ ਜਸ਼ਨ ਮਨਾਉਣ ਦੀ ਵੀਡੀਓ ਨੇ ਸਰਕਾਰੀ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ। ਪੰਜਾਬ ਦਾ ਜੇਲ੍ਹ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਗੈਂਗਸਟਰਾਂ ਨੇ ਇਸ ਘਟਨਾ ਰਾਹੀਂ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।