ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣ 'ਚ ਦੇਰ ਹੋ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ 5 ਮਹੀਨੇ ਬੀਤ ਚੁੱਕੇ ਹਨ। ਪੰਜਾਬ ਪੁਲਿਸ ਅਜੇ ਤੱਕ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਨੂੰ ਫੜ ਨਹੀਂ ਸਕੀ। 5 ਮਹੀਨਿਆਂ ਤੋਂ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਇਸੇ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਘਰ ਵਿੱਚ ਦਸਤਖਤ ਵਾਲਾ ਰਜਿਸਟਰ ਲਗਾਉਣ ਜਾ ਰਹੇ ਹਨ। ਮੂਸੇਵਾਲਾ ਦੇ ਪ੍ਰਸ਼ੰਸਕ ਇਸ ਰਜਿਸਟਰ 'ਤੇ ਆਪਣੀਆਂ ਭਾਵਨਾਵਾਂ ਲਿਖਣਗੇ। ਬਲਕੌਰ ਸਿੰਘ ਨੇ ਦੱਸਿਆ ਕਿ ਕਈ ਵਾਰ ਉਹ ਘਰ ਨਹੀਂ ਹੁੰਦੇ, ਜਿਸ ਕਾਰਨ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਅਸਮਰੱਥ ਹੁੰਦੇ ਹਨ। ਇਸ ਰਜਿਸਟਰ ਦੇ ਬਣਨ ਨਾਲ ਲੋਕਾਂ ਨੂੰ ਮੂਸੇਵਾਲਾ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਸਮਾਂ ਵੀ ਮਿਲੇਗਾ। 1 ਲੱਖ ਦੇ ਕਰੀਬ ਦਸਤਖਤ ਪੂਰੇ ਹੁੰਦੇ ਹੀ ਇਸ ਰਜਿਸਟਰ ਨੂੰ ਅਦਾਲਤ 'ਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ।
ਜੱਜ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਮੂਸੇਵਾਲਾ ਦੀ ਮੌਤ ਲਈ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਰੇ ਚਹੇਤੇ ਇਨਸਾਫ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਦੋ ਹਫ਼ਤੇ ਪਹਿਲਾਂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਸਰਕਾਰ ਨੇ ਮੁੱਖ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਐਫਆਈਆਰ ਵਾਪਸ ਲੈ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਛੱਡਣ ਦੀ ਗੱਲ ਵੀ ਕਹੀ ਸੀ।
ਇਸ ਦੌਰਾਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਇਹ ਦੇਸ਼ ਉਨ੍ਹਾਂ ਦਾ ਹੈ, ਉਹ ਆਪਣਾ ਦੇਸ਼ ਨਹੀਂ ਛੱਡਣਗੇ। ਚਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਪੁੱਤਰ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ ਤੋਂ ਬਾਅਦ ਹੀ ਸੰਤੁਸ਼ਟ ਹੋਣਗੇ। ਮੂਸੇਵਾਲਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਹਰ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਸਾਨੂੰ ਹਰ ਐਤਵਾਰ ਨੂੰ ਨਵਾਂ ਬਿਆਨ ਜਾਰੀ ਨਹੀਂ ਕਰਨਾ ਚਾਹੀਦਾ। ਇਹ ਦੇਖਣਾ ਹੋਵੇਗਾ ਕਿ ਅਸੀਂ ਸਰਕਾਰ ਨੂੰ ਦਿੱਤੇ ਸਮੇਂ ਦੌਰਾਨ ਸਰਕਾਰ ਕੀ ਕਦਮ ਚੁੱਕ ਰਹੀ ਹੈ ਜਾਂ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਹੀ ਅਸੀਂ ਅਗਲਾ ਕਦਮ ਚੁੱਕਾਂਗੇ।