
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਲਾਉਣ ਲਈ ਹੁਣ ਮੋਰਚਾ ਖੋਲ ਦਿਤਾ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸੇਵਾਮੁਕਤ ਹੋ ਗਏ ਹਨ। ਉਹ ਮਾਨਸਾ ਨਗਰ ਕੌਂਸਲ ਵਿੱਚ ਫਾਇਰ ਬ੍ਰਿਗੇਡ ਵਿੱਚ ਕੰਮ ਕਰਦੇ ਸਨ।
ਬਲਕੌਰ ਸਿੰਘ ਨੇ ਮਾਨਸਾ ਦੇ ਈਓ ਨੂੰ ਸੇਵਾਮੁਕਤੀ ਲਈ ਪੱਤਰ ਲਿਖਿਆ ਸੀ, ਜਿਸ ਨੂੰ ਨਗਰ ਕੌਂਸਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਮਾਨਸਾ ਨਗਰ ਕੌਂਸਲ ਦੇ ਈਓ ਤਰੁਣ ਕੁਮਾਰ ਨੇ ਦੱਸਿਆ ਕਿ ਮਾਨਸਾ ਨਗਰ ਕੌਂਸਲ ਦੀ ਮੀਟਿੰਗ ਹੋਈ। ਜਿਸ ਵਿੱਚ ਫਾਇਰ ਬ੍ਰਿਗੇਡ ਵਿਭਾਗ ਵਿੱਚ ਬਤੌਰ ਡਰਾਈਵਰ ਤਾਇਨਾਤ ਬਲਕੌਰ ਸਿੰਘ ਨੇ ਸੇਵਾਮੁਕਤੀ ਲਈ ਮੰਗ ਪੱਤਰ ਦਿੱਤਾ ਸੀ, ਕੌਂਸਲ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ। ਪਿਤਾ ਬਲਕੌਰ ਸਿੰਘ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਅਗਲੇ ਮਹੀਨੇ ਬਲਕੌਰ ਸਿੰਘ ਮੂਸੇਵਾਲਾ ਦੀ ਬਰਸੀ ਤੋਂ ਬਾਅਦ ਪੰਜਾਬ ਭਰ ਦੇ ਲੋਕਾਂ ਵਿੱਚ ਆਖਰੀ ਰਾਈਡ (ਥਾਰ) ਲੈ ਕੇ ਆਉਣਗੇ। ਬਲਕੌਰ ਸਿੰਘ ਨੇ ਐਤਵਾਰ ਨੂੰ ਹੋਈ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਸਾਜ਼ਿਸ਼ਘਾੜਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਢਿੱਲਮੱਠ ਕਰ ਰਹੀ ਹੈ।
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਰਿਸ਼ਤੇਦਾਰਾਂ ਨਾਲ ਥਾਰ ਤੋਂ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ ਦੋ ਗੰਨਮੈਨ ਵਾਪਸ ਲੈ ਲਏ ਸਨ। ਲਾਰੈਂਸ ਗੈਂਗ ਦੇ ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਗਿਆ ਕਿ ਮੂਸੇਵਾਲਾ ਨੂੰ ਮੋਹਾਲੀ 'ਚ ਕਤਲ ਕੀਤੇ ਗਏ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਮਾਰਿਆ ਗਿਆ ਸੀ। ਜਿਕਰਯੋਗ ਹੈ, ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਦਮ 'ਤੇ ਪੰਜਾਬ ਹੀ ਨਹੀਂ ਦੇਸ਼ ਅਤੇ ਦੁਨੀਆ 'ਚ ਚੰਗਾ ਨਾਮ ਕਮਾਇਆ ਸੀ। ਉਸ ਦੀ ਪ੍ਰਸਿੱਧੀ ਅਜਿਹੀ ਸੀ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੋਇਆ, ਉਸ ਦੇ ਪਿੰਡ ਵਿਚ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਪੁੱਤਰ ਨੂੰ ਮਾਰਿਆ ਹੈ, ਉਹ ਸਿਰਫ਼ ਕਿਰਾਏ ਦੇ ਲੋਕ ਸਨ, ਅਸਲ ਕਾਤਲ ਕੋਈ ਹੋਰ ਹਨ, ਜਿਨ੍ਹਾਂ ਨੂੰ ਲੱਭਣ ਦੀ ਲੋੜ ਹੈ।