ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ ਜੇਬ 'ਚੋਂ 2 ਕਰੋੜ ਦੇਵਾਂਗਾ : ਬਲਕੌਰ ਸਿੰਘ

ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ ਜੇਬ 'ਚੋਂ 2 ਕਰੋੜ ਦੇਵਾਂਗਾ : ਬਲਕੌਰ ਸਿੰਘ

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਧੂ ਦੇ ਕਾਤਲ ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ ਦਿਤਾ ਜਾਵੇ। ਜੇਕਰ ਆਮ ਆਦਮੀ ਪਾਰਟੀ ਕੋਲ ਪੈਸੇ ਨਹੀਂ ਹਨ ਤਾਂ ਉਹ ਇਹ ਪੈਸੇ ਦੇਣਗੇ।
Published on

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਲਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਵਾਲੇ ਨੂੰ ਪਿਤਾ ਬਲਕੌਰ ਸਿੰਘ ਨੇ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਹ ਅੰਮ੍ਰਿਤਸਰ ਦੇ ਵੇਰਕਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਜਿੱਥੇ ਉਨ੍ਹਾਂ ਸਟੇਜ ਤੋਂ ਇਹ ਐਲਾਨ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਸਟੇਜ ਤੋਂ ਆਪਣਾ ਦੁੱਖ ਸਾਂਝਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੁੱਜੇ ਬਲਕੌਰ ਸਿੰਘ ਨੇ ਸਟੇਜ ਤੋਂ ਦੱਸਿਆ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਤੋਂ 2 ਕਰੋੜ ਰੁਪਏ ਦਾ ਟੈਕਸ ਵਸੂਲਦੀ ਰਹੀ ਹੈ। ਮਰਨ ਤੋਂ ਬਾਅਦ ਵੀ 2 ਕਰੋੜ ਰੁਪਏ ਦਾ ਟੈਕਸ ਸਰਕਾਰ ਕੋਲ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਸਦੇ ਕਾਤਲ ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਜਾਵੇ।

ਜੇਕਰ ਆਮ ਆਦਮੀ ਪਾਰਟੀ ਕੋਲ ਪੈਸੇ ਨਹੀਂ ਹਨ ਤਾਂ ਉਹ ਇਹ ਪੈਸੇ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਵੇਚਣੀ ਪਵੇ। ਸਿੱਧੂ ਦੇ ਪਿਤਾ ਨੇ ਪਿਛਲੇ ਦਿਨੀਂ ਇੰਟਰਪੋਲ ਅਤੇ ਦਿੱਲੀ ਪੁਲਿਸ ਦੀ ਮਦਦ ਨਾਲ ਫੜੇ ਗਏ ਕਾਤਲ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ 2018 ਵਿੱਚ ਇੱਕ ਪੰਜਾਬੀ ਨੇ ਆਸਟ੍ਰੇਲੀਆ ਵਿੱਚ ਇੱਕ ਕੁੜੀ ਦਾ ਕਤਲ ਕਰਕੇ ਪੰਜਾਬ ਵਿੱਚ ਲੁਕ ਗਿਆ ਸੀ, ਪਰ ਆਸਟ੍ਰੇਲੀਅਨ ਸਰਕਾਰ ਨੇ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦੋਸ਼ੀ ਨੂੰ ਕੁਝ ਦਿਨ ਪਹਿਲਾਂ ਹੀ ਫੜਿਆ ਗਿਆ ਸੀ।

ਇਸੇ ਤਰ੍ਹਾਂ ਗੋਲਡੀ ਬਰਾੜ ਨੂੰ ਫੜਨ ਲਈ ਵੀ ਇਨਾਮ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਕਮਾਇਆ। ਅੱਜ ਵੀ ਇੱਕ ਹੀ ਖਾਤਾ ਹੈ ਅਤੇ ਉਹ ਨੰਬਰ ਇੱਕ ਹੈ। ਅੱਜ ਵੀ ਪੂਰਾ ਟੈਕਸ ਅਦਾ ਕੀਤਾ ਜਾਂਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਅਤੇ ਜੱਗੂ ਨੂੰ ਬਚਾ ਰਹੀ ਹੈ। ਗੋਲਡੀ ਬਰਾੜ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਉਸ ਦਾ ਬੇਟਾ ਤਾਂ ਚਲਾ ਗਿਆ ਹੈ, ਪਰ ਜਦੋਂ ਤੱਕ ਉਹ ਜਿੰਦਾ ਹੈ, ਉਹ ਇਨ੍ਹਾਂ ਗੈਂਗਸਟਰਾਂ ਵਿਰੁੱਧ ਬੋਲਦਾ ਰਹੇਗਾ।

logo
Punjab Today
www.punjabtoday.com