ਇੱਕ ਹਫ਼ਤੇ ਬਾਅਦ ਸੜਕਾਂ 'ਤੇ ਉਤਰਾਂਗੇ,'ਆਪ' ਸ਼ਰੀਫੀ ਦਾ ਉਠਾ ਰਹੀ ਫਾਇਦਾ:ਬਲਕੌਰ

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਕਿਹਾ ਕਿ ਜੇਕਰ ਲੋਕ ਸਾਡੇ ਨਾਲ ਆਉਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ 'ਤੇ ਬੈਠ ਜਾਵਾਂਗੇ। ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ, ਸਭ ਕੁਝ ਠੰਢਾ ਹੋ ਗਿਆ ਹੈ।
ਇੱਕ ਹਫ਼ਤੇ ਬਾਅਦ ਸੜਕਾਂ 'ਤੇ ਉਤਰਾਂਗੇ,'ਆਪ' ਸ਼ਰੀਫੀ ਦਾ ਉਠਾ ਰਹੀ ਫਾਇਦਾ:ਬਲਕੌਰ

ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ, ਪਰ ਕੇਸ ਵਿਚ ਕੁਝ ਵੀ ਖਾਸ ਨਹੀਂ ਹੋਇਆ ਹੈ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਇਕੱਲੇ ਗੋਲੀ ਚਲਾਉਣ ਵਾਲੇ ਹੀ ਕਾਤਲ ਨਹੀਂ ਸਨ। ਹਾਲੇ ਤੱਕ ਇਸ ਮਾਮਲੇ ਵਿੱਚ ਵ੍ਹਾਈਟ ਕਾਲਰ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ।

ਗੈਂਗਸਟਰਾਂ ਤੋਂ ਫਿਰੌਤੀ ਵਸੂਲਣ ਵਾਲੇ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਹਫ਼ਤੇ ਬਾਅਦ ਸੜਕਾਂ ’ਤੇ ਉਤਰਾਂਗੇ। ਸਰਕਾਰ ਸਾਡੀ ਸ਼ਰੀਫੀ ਦਾ ਫਾਇਦਾ ਉਠਾ ਰਹੀ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਇਸ ਕਤਲ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਦੇ ਲਗਭਗ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ, ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਮਾਨਸਾ ਦੇ ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਸ ਨੇ ਵਾਪਸ ਲਈ? ਇਸਦੀ ਕੋਈ ਵੀ ਜਾਂਚ ਨਹੀਂ ਹੋਈ। ਉਸ ਅਧਿਕਾਰੀ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ? ਮੈਂ ਨਹੀਂ ਚਾਹੁੰਦਾ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਉਸ ਅਧਿਕਾਰੀ ਨੂੰ ਜਨਤਕ ਤੌਰ 'ਤੇ ਇਹ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ, ਕਿ ਸੁਰੱਖਿਆ ਵਾਪਸ ਲੈਣ ਕਾਰਨ ਮੂਸੇਵਾਲਾ ਨੂੰ ਮਾਰਿਆ ਗਿਆ ਸੀ।

ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਗੈਂਗਸਟਰਾਂ ਪਿੱਛੇ ਵੱਡੀਆਂ ਤਾਕਤਾਂ ਹਨ। 3 ਮਹੀਨੇ ਹੋ ਗਏ ਹਨ। ਪ੍ਰਸ਼ਾਸਨ ਅਤੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਉਹ ਸਾਡੀ ਸ਼ਰੀਫੀ ਦਾ ਫਾਇਦਾ ਉਠਾ ਰਹੇ ਹਨ। ਜੇਕਰ ਲੋਕ ਸਾਡੇ ਨਾਲ ਆਉਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ 'ਤੇ ਬੈਠ ਜਾਵਾਂਗੇ। ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ। ਸਭ ਕੁਝ ਠੰਢਾ ਹੋ ਗਿਆ ਹੈ। ਜਿਸ ਨਾਲ ਮੂਸੇਵਾਲਾ ਦਾ ਵਿਆਹ ਹੋਣਾ ਸੀ ਉਸ ਦਾ ਕੀ ਕਸੂਰ ਹੈ।

ਇਸਤੋਂ ਪਹਿਲਾ ਵੀ 8 ਜੂਨ ਨੂੰ "ਅੰਤਿਮ ਅਰਦਾਸ" ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ, ਗਾਇਕ ਦੇ ਭਾਵੁਕ ਪਿਤਾ ਨੇ ਕਿਹਾ ਸੀ ਕਿ ਉਹ ਅਜੇ ਵੀ ਇਹ ਨਹੀਂ ਸਮਝ ਆਇਆ ਕਿ ਉਸ ਦੇ ਪੁੱਤਰ ਦਾ ਕੀ ਕਸੂਰ ਸੀ ਜਿਸ ਕਾਰਨ ਉਸ ਦੀ ਹੱਤਿਆ ਹੋਈ। ਉਹ ਉਦੋਂ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਸਾਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲਦਾ।

Related Stories

No stories found.
logo
Punjab Today
www.punjabtoday.com