ਦੇਸ਼ ਵਿਚ ਇਸ ਸਮੇਂ ਰਾਜਨੀਤੀ ਆਪਣੀ ਚਰਮ ਸੀਮਾ ਤੇ ਹੈ, ਇਸਦਾ ਮੁੱਖ ਕਾਰਨ ਅਗਲੇ ਸਾਲ ਪੰਜ ਰਾਜਾਂ ਵਿਚ ਹੋਣ ਵਾਲਿਆਂ ਵਿਧਾਨਸਭਾ ਚੋਣਾਂ ਹਨ। ਇਸ ਲਈ ਕੋਈ ਵੀ ਪਾਰਟੀ ਇਕ ਦੂਜੇ ਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਛਡਣਾ ਨਹੀਂ ਚਾਹੁੰਦੀ ਹੈ। ਹੁਣ ਸੰਸਦ ਦੇ ਵਿੰਟਰ ਸੈਸ਼ਨ ਲਈ ਕਾਂਗਰਸ ਮਹਿੰਗਾਈ, ਕਿਸਾਨੀ, ਕੋਵਿਡ ਪ੍ਰਬੰਧਨ ਅਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੂੰ ਘੇਰੇਗੀ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਨੂੰ ਘੇਰਨ ਲਈ ਵੀਰਵਾਰ ਨੂੰ ਸੰਸਦੀ ਰਣਨੀਤੀ ਸਮੂਹ ਦੀ ਬੈਠਕ ਬੁਲਾਈ ਹੈ। ਮੀਟਿੰਗ ਵਿਚ ਕਾਂਗਰਸ ਜਿਨ੍ਹਾਂ ਮੁੱਦਿਆਂ ਨੂੰ ਉਠਾਉਣਾ ਚਾਹੁੰਦੀ ਹੈ, ਉਨ੍ਹਾਂ 'ਤੇ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਨਾਲ ਲਿਆਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਧੜੇ ਨਾਲ ਜੁੜੇ ਆਗੂ ਮੁਤਾਬਕ ਕਾਂਗਰਸ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਹਮਲਾਵਰ ਹੋਵੇਗੀ ਅਤੇ ਸੰਸਦ 'ਚ ਆਪਣੀ ਗੱਲ ਰੱਖੇਗੀ।
ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਦਿੱਲੀ 'ਚ ਅਹਿਮ ਬੈਠਕ ਕੀਤੀ। ਇਸ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੇਂਦਰ ਦੇ ਫੈਸਲੇ ਅਤੇ ਸੰਸਦ ਦੇ ਆਗਾਮੀ ਸੈਸ਼ਨ ਦੀ ਰਣਨੀਤੀ ਬਣਾਈ ਗਈ।ਇਸ ਦੌਰਾਨ ਕਾਂਗਰਸੀ ਆਗੂ ਕੇਸੀ ਵੇਣੂਗੋਪਾਲ, ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ, ਨਵਜੋਤ ਸਿੰਧ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼ਕਤੀ ਸਿੰਘ ਗੋਹਿਲ, ਅਜੈ ਕੁਮਾਰ ਲੱਲੂ, ਅਨਿਲ ਚੌਧਰੀ ਤੇ ਹੋਰ ਕਾਂਗਰਸ ਵਾਰ ਰੂਮ ਵਿੱਚ ਇਕੱਠੇ ਹੋਏ ਸਨ।
ਬੈਠਕ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਕਿਹਾ ਕਿ ਅਸੀਂ ਸੰਸਦ ਦੇ ਆਗਾਮੀ ਸੈਸ਼ਨ 'ਚ ਮਹਿੰਗਾਈ ਦਾ ਮੁੱਦਾ ਉਠਾਵਾਂਗੇ। ਇਸ ਦੇ ਨਾਲ ਹੀ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਬੈਠਕ 'ਚ ਚਰਚਾ ਕੀਤੀ ਗਈ, ਕਿ ਆਉਣ ਵਾਲੇ ਦਿਨਾਂ 'ਚ ਮਹਿੰਗਾਈ ਦੇ ਖਿਲਾਫ ਦਿੱਲੀ 'ਚ ਵੱਡੀ ਰੈਲੀ ਕੀਤੀ ਜਾਵੇਗੀ। ਵੇਣੂਗੋਪਾਲ ਨੇ ਆਪਣੀ ਪਾਰਟੀ ਦੇ ਕੁਝ ਨੇਤਾਵਾਂ ਦੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋਣ ਨੂੰ ਡਰਾਮਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਜਿਹੇ ਯਤਨਾਂ ਨਾਲ ਕਮਜ਼ੋਰ ਨਹੀਂ ਹੋਵੇਗੀ ਅਤੇ ਸਾਡੀ ਪਾਰਟੀ ਨੂੰ ਕੋਈ ਖਤਮ ਨਹੀਂ ਕਰ ਸਕੇਗਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ ਅਤੇ ਨਾ ਹੀ ਭਵਿੱਖ ਵਿੱਚ ਕਾਮਯਾਬ ਹੋਵੇਗੀ, ਕਿਉਂਕਿ ਇਹ ਪਾਰਟੀ ਲੋਕਾਂ ਦੇ ਮੁੱਦੇ ਉਠਾਉਂਦੀ ਹੈ ਅਤੇ ਉਠਾਉਂਦੀ ਰਵੇਗੀ ।