ਸੁਖਬੀਰ ਬਾਦਲ ਤੇ ਮਾਨ ਆਹਮੋ-ਸਾਹਮਣੇ, ਸੁਖਬੀਰ ਨੇ ਲਾਏ ਬਦਲਾਖੋਰੀ ਦੇ ਦੋਸ਼

ਸੀਐੱਮ ਮਾਨ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਵਿੱਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ। ਜੇਕਰ ਸੁਖਬੀਰ ਬਾਦਲ ਬੇਕਸੂਰ ਹੈ ਤਾਂ ਡਰਨ ਦੀ ਕੀ ਗੱਲ ਹੈ।
ਸੁਖਬੀਰ ਬਾਦਲ ਤੇ ਮਾਨ ਆਹਮੋ-ਸਾਹਮਣੇ, ਸੁਖਬੀਰ ਨੇ ਲਾਏ ਬਦਲਾਖੋਰੀ ਦੇ ਦੋਸ਼

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਵਾਰ ਫੇਰ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਹਮੋ-ਸਾਹਮਣੇ ਹਨ। ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਦੀ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਮਾਨ ਸਰਕਾਰ 'ਤੇ ਬਦਲਾਖੋਰੀ ਦੇ ਇਲਜ਼ਾਮ ਲਾਏ ਹਨ।

ਉਨ੍ਹਾਂ ਕਿਹਾ ਕਿ ਵਿਰੋਧੀ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ 'ਤੇ ਝੂਠੇ ਕੇਸ ਬਣਾਏ ਜਾ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਹਨ ਕਿ ਐਸਆਈਟੀ ਦਾ ਕੋਈ ਵੀ ਮੈਂਬਰ ਸਰਕਾਰ ਦੇ ਹੁਕਮ ਨਹੀਂ ਲਵੇਗਾ। ਜਦੋਂ ਕਿ ਸੀ.ਐਮ ਭਗਵੰਤ ਮਾਨ ਬਾਦਲਾਂ ਨੂੰ ਅੰਦਰ ਕਰਾਉਣ ਦੀ ਗੱਲ ਕਹਿ ਰਹੇ ਹਨ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸੁਖਬੀਰ ਬਾਦਲ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ। ਮਾਨ ਨੇ ਕਿਹਾ ਕਿ ਕੁਰਬਾਨੀ ਦੀ ਗੱਲ ਕਰਨ ਵਾਲੇ ਅਦਾਲਤ ਜਾਣ ਤੋਂ ਡਰਦੇ ਹਨ। ਐਸਆਈਟੀ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਮਾਨ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਵਿੱਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ। ਬੇਅਦਬੀ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਜੇਕਰ ਇਹ ਬੇਕਸੂਰ ਹੈ ਤਾਂ ਡਰਨ ਦੀ ਕੀ ਗੱਲ ਹੈ।

ਇਸ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹਾ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਜਦਕਿ ਸੁਖਬੀਰ ਸਿੰਘ ਬਾਦਲ ਨੂੰ ਰਾਹਤ ਨਹੀਂ ਦਿੱਤੀ ਗਈ। ਨਤੀਜੇ ਵਜੋਂ ਸੁਖਬੀਰ ਸਿੰਘ ਬਾਦਲ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਕੋਟਕਪੂਰਾ ਗੋਲੀ ਕਾਂਡ ਵਿੱਚ, SIT ਨੇ 24 ਫਰਵਰੀ 2022 ਨੂੰ ਫਰੀਦਕੋਟ ਅਦਾਲਤ ਵਿੱਚ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪਾਰਟੀ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ, ਅਤੇ ਕਿਹਾ ਕਿ ਸੁਖਬੀਰ "ਜਲਦੀ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ " ਕਿਉਂਕਿ ਪੁਲਿਸ ਜਾਂਚ "ਪੱਖਪਾਤੀ" ਸੀ। ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਸ ਵਿਕਾਸ ਨਾਲ ਪੰਜਾਬ ਦੇ ਲੋਕਾਂ ਲਈ ਨਿਆਂ ਦੀ ਆਸ ਬੱਝੀ ਹੈ ਅਤੇ ਕਿਹਾ ਕਿ "ਭਗਵੰਤ ਮਾਨ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ SIT ਪੂਰੀ ਨਿਰਪੱਖਤਾ ਨਾਲ ਜਾਂਚ ਨੂੰ ਪੂਰਾ ਕਰੇ।"

Related Stories

No stories found.
logo
Punjab Today
www.punjabtoday.com