ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ 10ਵੀਂ ਦੀਆਂ ਟਾਪਰ ਨੂੰ ਇਕ ਸਮਾਗਮ ਦੌਰਾਨ ਸਨਮਾਨਿਤ ਕੀਤਾ । ਸੁਖਬੀਰ ਬਾਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਗਗਨਦੀਪ ਕੌਰ (650/650) ਅਤੇ ਨਵਜੋਤ ਕੌਰ (648/650) ਨੂੰ ਸਨਮਾਨਿਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਮੰਗਲਵਾਰ ਨੂੰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਪਿੰਡ ਕੋਟ ਸੁਖੀਆ, ਫਰੀਦਕੋਟ ਪਹੁੰਚੇ।
ਸਕੂਲ 'ਚ ਹੋਏ ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਆਪਣੀਆਂ ਧੀਆਂ 'ਤੇ ਮਾਣ ਹੈ। ਧੀਆਂ ਦਿਨ-ਬ-ਦਿਨ ਵਿੱਦਿਆ ਦੇ ਖੇਤਰ ਵਿੱਚ ਹਰ ਜਮਾਤ ਦੇ ਨਤੀਜਿਆਂ ਵਿੱਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਗਗਨਦੀਪ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਪਿੰਡ ਕੋਟਸੁਖੀਆ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਨਵਜੋਤ ਕੌਰ ਦੂਜੇ ਸਥਾਨ 'ਤੇ ਰਹੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਦੋਵਾਂ ਦੇ ਪਿਤਾ ਕਿਸਾਨ ਹਨ। ਕਿਸਾਨ ਦੀਆਂ ਧੀਆਂ ਬੁਲੰਦੀਆਂ ਨੂੰ ਛੂਹ ਸਕਦੀਆਂ ਹਨ ਤਾਂ ਕੋਈ ਵੀ ਧੀ ਇਹ ਕਮਾਲ ਕਰ ਸਕਦੀ ਹੈ। ਉਨ੍ਹਾਂ ਗਗਨਦੀਪ ਕੌਰ ਅਤੇ ਨਵਜੋਤ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਸੁਖਬੀਰ ਬਾਦਲ ਨੇ ਸਕੂਲ ਦੇ ਹੋਰ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ।
ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈ ਕੇ 100 ਫੀਸਦੀ ਅੰਕ ਲੈ ਕੇ ਟਾਪ ਕੀਤਾ ਸੀ। ਫਰੀਦਕੋਟ ਦੀ ਨਵਜੋਤ 648 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ। ਜਦਕਿ ਮਾਨਸਾ ਦੀ ਹਰਮਨਦੀਪ 646 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ ਸੀ। ਸੰਗੀਤ ਗਾਇਨ, ਸੰਗੀਤ ਵਾਦਨ ਅਤੇ ਉਰਦੂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਸੀ । ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰਜ਼ 'ਤੇ ਸੂਬੇ ਦੇ 10ਵੀਂ ਜਮਾਤ ਦੇ ਪਹਿਲੇ ਤਿੰਨ ਟਾਪਰਾਂ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ 97.54 ਫੀਸਦੀ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97 ਰਹੀ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 98.46 ਰਹੀ ਸੀ । ਇਸ ਵਾਰ 97.54 ਫੀਸਦੀ ਬੱਚੇ ਸਫਲ ਹੋਏ ਹਨ। ਸੂਬੇ 'ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਲਗਭਗ 3 ਲੱਖ ਉਮੀਦਵਾਰ ਬੈਠੇ ਸਨ।