ਸੁਖਬੀਰ ਬਾਦਲ ਨੇ ਕੇਜਰੀਵਾਲ ਦੀ ਗਰੰਟੀ 'ਤੇ ਚੁੱਕੇ ਸਵਾਲ

ਕੇਜਰੀਵਾਲ ਵਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ 10 ਸਾਲਾਂ ’ਚ ਦਿੱਲੀ ’ਚ ਇਕ ਔਰਤ ਨੂੰ 100 ਰੁਪਿਆ ਨਹੀਂ ਦਿੱਤਾ।
ਸੁਖਬੀਰ ਬਾਦਲ ਨੇ ਕੇਜਰੀਵਾਲ ਦੀ ਗਰੰਟੀ 'ਤੇ ਚੁੱਕੇ ਸਵਾਲ

ਵਿਧਾਨਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਕਈ ਹਲਕਿਆਂ ਚ ਰੈਲੀਆਂ ਕਰ ਰਹੀ ਹੈ। ਹਰ ਇਕ ਰੈਲੀ ਚ ਸੁਖਬੀਰ ਬਾਦਲ ਕੇਜਰੀਵਾਲ ਤੇ ਤੰਜ ਕਸਦੇ ਹਨ। ਇਸ ਵਾਰ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੈ। ਉਹ ਦਿੱਲੀ ਜਾ ਕੇ ਕਹਿੰਦਾ ਹੈ ਕਿ ਪੰਜਾਬ ’ਚ ਥਰਮਲ ਪਲਾਂਟ ਬੰਦ ਕਰ ਦਿਓ, ਪੰਜਾਬ ’ਚ ਜਿਹੜੇ ਕਿਸਾਨ ਪਰਾਲੀ ਸਾੜਦੇ, ਉਨ੍ਹਾਂ ’ਤੇ ਪਰਚੇ ਪਾ ਦਿਓ। ਬਾਦਲ ਨੇ ਕਿਹਾ ਕਿ ਉਹ ਕਹਿੰਦਾ ਹੈ ਕਿ ਐੱਸ. ਵਾਈ. ਐੱਲ. ਨਹਿਰ ਦਾ ਪਾਣੀ ਸਾਨੂੰ ਦਿੱਲੀ ਲਈ ਚਾਹੀਦਾ ਹੈ।

ਸਾਨੂੰ ਇਸ ਤਰ੍ਹਾਂ ਦਾ ਕੇਜਰੀਵਾਲ ਵਾਲਾ ਮਾਡਲ ਨਹੀਂ ਚਾਹੀਦਾ, ਜੋ ਸਾਡੀ ਖੇਤੀ ਤੇ ਸਿਰ ਵੱਢਣ ਨੂੰ ਫਿਰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗਾਰੰਟੀਆਂ ਦੇ ਕੇ ਝੂਠ ’ਤੇ ਝੂਠ ਬੋਲ ਰਿਹਾ ਹੈ। ਕੇਜਰੀਵਾਲ ਵਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ 10 ਸਾਲਾਂ ’ਚ ਦਿੱਲੀ ’ਚ ਇਕ ਔਰਤ ਨੂੰ 100 ਰੁਪਿਆ ਨਹੀਂ ਦਿੱਤਾ। ਉਹ ਕਹਿੰਦਾ ਹੈ ਕਿ ਇਥੇ 300 ਯੂਨਿਟ ਬਿਜਲੀ ਮੁਆਫ ਕਰਾਂਗੇ, ਦਿੱਲੀ ’ਚ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਕੇਜਰੀਵਾਲ ਕਹਿੰਦਾ ਹੈ ਕਿ ਆਪਣੀ ਸਰਕਾਰ ਆਉਣ ’ਤੇ ਮੁਲਾਜ਼ਮ ਪੱਕੇ ਕਰਾਂਗਾ ਪਰ ਦਿੱਲੀ ’ਚ 10 ਸਾਲਾਂ ’ਚ ਇਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ।ਇਹ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਹਨ ਤੇ ਇਨ੍ਹਾਂ ਦਾ ਕੋਈ ਰਿਸ਼ਤਾ ਪੰਜਾਬ ਨਾਲ ਨਹੀਂ ਹੈ।

ਬਾਦਲ ਨੇ ਕਿਹਾ ਕਿ ਹੁਣ ਦਿੱਲੀ ਵਾਲੇ ਸਾਡੇ ’ਤੇ ਆ ਕੇ ਰਾਜ ਕਰਨਗੇ। ਕਾਂਗਰਸ ਪਾਰਟੀ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਸ ਦੇ ਆਗੂਆਂ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਝੂਠੀਆਂ ਸਹੁੰਆਂ ਖਾ ਕੇ ਜਨਤਾ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ। ਉਨ੍ਹਾਂ ਕਿਹਾ ਕਿ ਸਰਕਾਰ ਦੇ 5 ਸਾਲਾਂ ਦੌਰਾਨ ਨਾ ਮੁੱਖ ਮੰਤਰੀ ਦਿਖਾਈ ਦਿੱਤਾ, ਨਾ ਹੀ ਕੋਈ ਵਿਧਾਇਕ ਹੀ ਲੋਕਾਂ ’ਚ ਗਿਆ ਤੇ ਲੁੱਟਣ ਵੱਲ ਹੀ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਰੇਤਾ ਦਾ ਮਾਫੀਆ ਤੇ ਡਰੱਗਜ਼ ਦਾ ਮਾਫੀਆ ਐੱਮ. ਐੱਲ. ਏ. ਚਲਾ ਰਹੇ ਹਨ। ਅਕਾਲੀ ਦਲ ਦੇ ਵਰਕਰਾਂ ਦੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਿਊਣਾ-ਮਰਨਾ ਇਥੇ ਹੀ ਹੈ। ਇਹ 100 ਸਾਲ ਪੁਰਾਣੀ ਪਾਰਟੀ ਹੈ। 14 ਤਰੀਕ ਨੂੰ ਅਸੀਂ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਬਾਅਦ ਨਾ ‘ਆਪ’ ਲੱਭਣੀ ਤੇ ਨਾ ਹੀ ਕਾਂਗਰਸ ਪਾਰਟੀ ਲੱਭਣੀ ਹੈ।

Related Stories

No stories found.
logo
Punjab Today
www.punjabtoday.com