
ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਨੂੰ ਲੈ ਕੇ ਉਹ ਪਿੱਛਲੇ ਦਿਨੀ ਬਸਪਾ ਸੁਪਰੀਮੋ ਮਾਇਆਵਤੀ ਨੂੰ ਵੀ ਮਿਲੇ ਸਨ। ਹੁਣ ਇਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਵਿੱਚ ਭੰਨਤੋੜ ਦੀ ਚਿੰਤਾ ਪਾਰਟੀ ਦੇ ਮੁਖੀ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਖੁਦ ਹੀ ਵਰਕਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਨੂੰ ਇਕਜੁੱਟ ਕਰਨ ਲਈ ਮਨਾ ਰਹੇ ਹਨ।
ਅਕਾਲੀ ਦਲ ਵਿੱਚ ਨਜ਼ਰਅੰਦਾਜ਼ ਕੀਤੇ ਜਾਣ ਤੋਂ ਦੁਖੀ ਹੋ ਕੇ ਨਿਰਾਸ਼ ਹੋਏ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਵਾਅਦਾ ਕਰਕੇ ਸੁਖਬੀਰ ਬਾਦਲ ਟੁੱਟੇ ਗੁੱਟ ਨੂੰ ਮੁੜ ਜੋੜਨ ਵਿੱਚ ਲੱਗੇ ਹੋਏ ਹਨ। ਸੁਖਬੀਰ ਬਾਦਲ ਅੱਜ ਜਲੰਧਰ ਸ਼ਹਿਰ ਦੇ ਰਾਮਾਮੰਡੀ ਵਿੱਚ ਵਰਕਰਾਂ ਦੇ ਘਰ ਜਾਣਗੇ। ਉਹ ਉਨ੍ਹਾਂ ਨੂੰ ਜਲੰਧਰ ਸੀਟ ਦੀ ਆਗਾਮੀ ਉਪ ਚੋਣ ਲਈ ਤਿਆਰੀ ਕਰਨ ਲਈ ਕਹਿਣਗੇ, ਜੋ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
ਪਾਰਟੀ ਨੂੰ ਲਗਾਤਾਰ ਦੂਸਰੀ ਹਾਰ ਤੋਂ ਬਾਅਦ ਜੋ ਝਟਕਾ ਲੱਗਾ ਹੈ ਅਤੇ ਦੂਜੀਆਂ ਪਾਰਟੀਆਂ ਵੱਲੋਂ ਅਕਾਲੀ ਦਲ ਵਿੱਚ ਕੀਤੀ ਗਈ ਤੋੜ-ਫੋੜ ਨੇ ਪ੍ਰਧਾਨ ਸੁਖਬੀਰ ਬਾਦਲ ਨੂੰ ਰੂੜ੍ਹੀਵਾਦੀ ਅਕਾਲੀ ਵਰਕਰਾਂ ਦੇ ਘਰ ਪਹੁੰਚਾ ਦਿੱਤਾ ਹੈ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਜ਼ਮੀਨ 'ਤੇ ਕੰਮ ਕਰ ਰਹੇ ਵਰਕਰਾਂ ਨੂੰ ਸਤਿਕਾਰ ਨਹੀਂ ਮਿਲਿਆ, ਜਿਸਤੋ ਬਾਅਦ ਵਰਕਰਾਂ 'ਚ ਗੁੱਸਾ ਸੀ। ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਇੱਕ ਵਾਰ ਨਹੀਂ ਦੋ ਵਾਰ ਭੁਗਤਣਾ ਪਿਆ। ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ 15 ਸੀਟਾਂ 'ਤੇ ਸਿਮਟ ਗਈ ਸੀ, ਫਿਰ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ।
ਪਾਰਟੀ ਦੇ ਮੁਖੀ ਤੋਂ ਲੈ ਕੇ ਸਾਰੇ ਵੱਡੇ-ਵੱਡੇ ਅਕਾਲੀ ਦਲ ਦੇ ਆਗੂ ਵੀ ਚੋਣ ਹਾਰ ਗਏ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਤੋੜ ਕੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਸੀ। ਅਕਾਲੀ ਦਲ-ਬਸਪਾ ਗਠਜੋੜ ਸਿਰਫ਼ ਚਾਰ ਸੀਟਾਂ ਹੀ ਜਿੱਤ ਸਕਿਆ। ਇਨ੍ਹਾਂ ਵਿੱਚੋਂ ਇੱਕ ਸੀਟ ਬਸਪਾ ਦੀ ਸੀ। ਅਕਾਲੀ ਦਲ ਤਿੰਨ ਸੀਟਾਂ 'ਤੇ ਸਿਮਟ ਗਿਆ। ਇੱਥੋਂ ਤੱਕ ਕਿ ਪਾਰਟੀ ਦਾ ਵੋਟ ਸ਼ੇਅਰ ਵੀ 2017 ਤੋਂ ਲਗਾਤਾਰ ਘਟਿਆ ਹੈ। 2017 ਵਿਚ ਭਾਜਪਾ ਨਾਲ ਮਿਲ ਕੇ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ 25.2 ਫੀਸਦੀ ਵੋਟਾਂ ਅਤੇ 15 ਸੀਟਾਂ ਮਿਲੀਆਂ ਸਨ। ਜਦੋਂ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪ੍ਰਤੀਸ਼ਤਤਾ ਘਟ ਕੇ 18.36 ਰਹਿ ਗਈ ਅਤੇ ਸੀਟਾਂ ਵੀ ਸਿਰਫ਼ 3 ਰਹਿ ਗਈਆਂ।