ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਿਚ ਕੁਝ ਦਿਨਾਂ ਦਾ ਸਮਾਂ ਰਹਿ ਗਿਆ ਹੈ, ਅਤੇ ਪੰਜਾਬ ਵਿਚ ਸਿਆਸੀ ਸਰਗਰਮੀ ਵੀ ਤੇਜ਼ ਹੋ ਗਈ ਹੈ । ਇਸ ਦੇ ਨਾਲ ਹੀ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਚੋਣ ਮੋਡ 'ਚ ਸਰਗਰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਹਮਲਾ ਬੋਲਿਆ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ, "ਕਾਂਗਰਸ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਗਾਂਧੀ ਜੀ ਕੋਲ ਤਿੰਨ ਬਾਂਦਰ ਸਨ। ਪੰਜਾਬ ਵਿਚ ਤਿੰਨ ਅਜਿਹੇ ਲੋਕਾਂ ਦੀ ਫੋਟੋ ਲੱਗੀ ਹੈ। ਪੰਜਾਬ ਵਿਚ ਲੀਡਰਸ਼ਿਪ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਨੂੰ ਚੰਗੀ ਸਰਕਾਰ ਦੀ ਲੋੜ ਹੈ। ਕੈਪਟਨ ਨੇ ਸਾਢੇ ਚਾਰ ਸਾਲ ਬਰਬਾਦ ਕਰ ਦਿੱਤੇ। ਬਾਅਦ ਵਿੱਚ ਅਜਿਹਾ ਗਰੀਬ ਮੁੱਖ ਮੰਤਰੀ ਬਣਾ ਦਿੱਤਾ, ਜਿਸਦੇ ਰਿਸ਼ਤੇਦਾਰ ਦੇ ਘਰੋਂ 6.5 ਕਰੋੜ ਰੁਪਏ ਮਿਲੇ ਹਨ। ਸਭ ਤੋਂ ਵੱਡਾ ਮਾਈਨਿੰਗ ਮਾਫੀਆ ਚੰਨੀ ਹੈ।
ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਕਰਾਂਗੇ। ਇਸਤੋਂ ਇਲਾਵਾ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਦਿਆਂ ਕਿਹਾ, "ਕੇਜਰੀਵਾਲ ਤਾਨਾਸ਼ਾਹ ਹੈ।''
ਪੋਸਟਰ ਤੇ ਕੇਜਰੀਵਾਲ ਦੀ ਫੋਟੋ ਹੈ। ਕੇਜਰੀਵਾਲ ਜਾਂ ਭਗਵੰਤ ਮਾਨ ਕਿਸ 'ਤੇ ਭਰੋਸਾ ਕੀਤਾ ਜਾਵੇ, ਕੌਣ ਡੰਮੀ ਹੈ। ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਉਣ ਲਈ ਕੀਤੇ ਸਰਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਪੇਡ ਸਰਵੇ ਸੀ। ਜਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ 25 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਹੈ।
ਭਾਜਪਾ ਨਾਲੋਂ ਅਕਾਲੀ ਦਲ ਦਾ ਗਠਜੋੜ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਤਿੰਨ ਨਵੇਂ ਖੇਤੀ ਕਾਨੂੰਨ ਸਨ। ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਭਰ ਵਿੱਚ ਇੱਕ ਵੱਡਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਵਿੱਚ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਦੇ ਕਿਸਾਨਾਂ ਨੇ ਭਾਗ ਲਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਜੋ ਉਹ ਸੀਐੱਮ ਨੂੰ ਮਦਾਰੀ ਵਾਂਗ ਨਚਾ ਸਕੇ। ਇਸ ਤੋਂ ਕੇਜਰੀਵਾਲ ਦੀ ਪੰਜਾਬ ਪ੍ਰਤੀ ਸੋਚ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਪੰਜਾਬ 'ਚ ਕਿਸੇ ਤੇ ਵੀ ਭਰੋਸਾ ਨਹੀਂ ਕਰਦੇ ਹਨ ।