Sunday Column- ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ

ਅੱਜ ਦੇ ਇਸ Column ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੇਲਿਆਂ ਦੀ।
Sunday Column- ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ

ਮੁਕਤਸਰ ਮੇਲਾ ਸਿੱਖਾਂ ਦੇ ਸਭ ਤੋਂ ਵੱਡੇ ਮੇਲਿਆਂ ਵਿੱਚੋਂ ਇੱਕ ਹੈ ਅਤੇ ਇਹ ਜਨਵਰੀ ਦੇ ਵਿੱਚ ਆਉਂਦਾ ਹੈ। ਇਹ ਮੇਲਾ ਮਾਘੀ ਵਾਲੇ ਦਿਨ ਲੱਗਦਾ ਹੈ। ਇਹ ਮੇਲਾ ਉਨ੍ਹਾਂ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਦਾ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜ੍ਹੀ ਵਿੱਚ ਬੇਦਾਵਾ ਦੇ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਮੁਕਤਸਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਖਾਤਰ ਆਈ ਮੁਗਲ ਸੈਨਾ ਤੇ ਕੀਤੇ ਹਮਲੇ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਸ ਸਮੇਂ ਇਨ੍ਹਾਂ ਚਾਲੀ ਮੁਕਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਪਾੜਨ ਨੂੰ ਕਿਹਾ ਸੀ ਅਤੇ ਮੁਆਫੀ ਮੰਗੀ ਸੀ। ਗੁਰੂ ਗੋਬਿੰਦ ਸਿੰਘ ਜੀਅ ਵੱਲੋਂ ਇਨ੍ਹਾਂ ਨੂੰ ਬੇਦਾਵੇ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਹੀ ਇਨ੍ਹਾਂ ਸਿੰਘਾਂ ਨੂੰ ਚਾਲੀ ਮੁਕਤਿਆਂ ਵਜੋਂ ਜਾਣਿਆ ਜਾਣ ਲੱਗ ਪਿਆ ਸੀ। ਪਹਿਲੀ ਮਾਘ ਨੂੰ ਉਨ੍ਹਾਂ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਅਤੇ ਇਸੇ ਕਾਰਨ ਇਸ ਮੇਲੇ ਨੂੰ ਮਾਘੀ ਦਾ ਮੇਲਾ ਕਿਹਾ ਜਾਂਦਾ ਹੈ।

ਮਾਘੀ ਦਾ ਮੇਲਾ ਤਿੰਨ ਦਿਨ ਚੱਲਦਾ ਹੈ ਅਤੇ ਪਹਿਲੇ ਦਿਨ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਦੂਜੇ ਦਿਨ ਰਕਾਬਗੰਜ ਸਾਹਿਬ ਟਿੱਬੀ ਸਾਹਿਬ ਅਤੇ ਮੁੱਖ ਵੱਜਣ ਸਾਹਿਬ ਵੱਲ ਨੂੰ ਨਗਰ ਕੀਰਤਨ ਰਵਾਨਾ ਹੁੰਦੇ ਹਨ। ਟਿੱਬੀ ਸਾਹਿਬ ਉਹ ਸਥਾਨ ਹੈ ਜਿੱਥੇ ਖੜ੍ਹੇ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਫੌਜਾਂ ਉੱਤੇ ਤੀਰਾਂ ਦੀ ਵਰਖਾ ਕੀਤੀ ਸੀ। ਇਨ੍ਹਾਂ ਸਥਾਨਾਂ ਤੇ ਅਰਦਾਸ ਮਗਰੋਂ ਸ਼ਰਧਾਲੂ ਤੰਬੂ ਸਾਹਿਬ ਵਿਖੇ ਆਉਂਦੇ ਹਨ ਅਤੇ ਫਿਰ ਸ਼ਰਧਾਲੂ ਸ਼ਹੀਦ ਗੰਜ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ। ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਸਮਾਧੀ ਹੈ। ਮਾਘੀ ਮੇਲੇ ਦੀ ਸਿੱਖ ਧਰਮ ਦੇ ਵਿੱਚ ਬਹੁਤ ਅਹਿਮੀਅਤ ਹੈ ਅਤੇ ਦੂਰੋਂ ਦੂਰੋਂ ਸਿੱਖ ਇਸ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪਹੁੰਚਦੇ ਹਨ। ਜ਼ਿਕਰਯੋਗ ਹੈ ਕਿ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਣੇ ਦੀ ਢਾਬ ਸੀ ਅਤੇ ਚਾਲੀ ਮੁਕਤਿਆਂ ਨੂੰ ਗੁਰੂ ਸਾਹਿਬ ਵੱਲੋਂ ਮੁਕਤੀ ਦੇਣ ਤੋਂ ਬਾਅਦ ਹੀ ਇਸ ਦਾ ਨਾਂ ਮੁਕਤਸਰ ਸਾਹਿਬ ਪਿਆ।

ਮੁਕਤਸਰ ਸਾਹਿਬ ਦੇ ਹੀ ਪਿੰਡ ਲੰਬੀ ਢਾਬ ਵਿਖੇ ਇਕ ਵੱਡਾ ਪਸ਼ੂ ਮੇਲਾ ਵੀ ਮਾਘੀ ਮੇਲੇ ਦੇ ਦੌਰਾਨ ਲੱਗਦਾ ਹੈ। ਮੁਕਤਸਰ ਸਾਹਿਬ ਜੋ ਚੰਗੀ ਨਸਲ ਦੇ ਘੋੜਿਆਂ ਲਈ ਮਸ਼ਹੂਰ , ਦੀ ਇਸ ਮੇਲੇ ਵਿਚ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ ਅਤੇ ਘੋੜਿਆਂ ਦੀ ਦੌੜ ਵੀ ਕਰਵਾਈ ਜਾਂਦੀ ਹੈ।

ਕਿਲ੍ਹਾ ਰਾਏਪੁਰ ਖੇਡ ਮੇਲਾ ਲੁਧਿਆਣਾ ਦੇ ਪਿੰਡ ਰਾਏਪੁਰ ਦੇ ਵਿੱਚ ਫਰਵਰੀ ਦੇ ਦੌਰਾਨ ਲੱਗਦਾ ਸੀ। ਇਸ ਨੂੰ ਪੇਂਡੂ ਓਲੰਪਿਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਰ ਸੁਪਰੀਮ ਕੋਰਟ ਵੱਲੋਂ ਪਸ਼ੂਆਂ ਦੇ ਅੱਤਿਆਚਾਰ ਦੇ ਕਾਰਨ ਇਸ ਖੇਡ ਮੇਲੇ ਉੱਤੇ ਰੋਕ ਲਗਾ ਦਿੱਤੀ ਗਈ ਸੀ। ਇਹ ਖੇਡ ਮੇਲਾ ਪੰਜਾਬੀਆਂ ਦੇ ਜੋਸ਼ ਅਤੇ ਤਾਕਤ ਦਾ ਪ੍ਰਗਟਾਵਾ ਕਰਦਾ ਸੀ। ਪੁਰਾਤਨ ਪੇਂਡੂ ਖੇਡਾਂ ਜਿਵੇਂ ਬਲਦਾਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ, ਕੁਸ਼ਤੀਆਂ, ਕੁੱਕੜਾਂ ਦੀ ਲੜਾਈ, ਕਬੱਡੀ, ਛਾਲਾਂ ਅਤੇ ਦੌੜਾਂ ਇਸ ਮੇਲੇ ਦਾ ਮੁੱਖ ਆਕਰਸ਼ਣ ਹੁੰਦੀਆਂ ਹਨ। ਇਸੇ ਮੇਲੇ ਵਿੱਚ ਟਾਂਗਿਆਂ ਦੀਆਂ ਦੌੜਾਂ ਵੀ ਹੁੰਦੀਆਂ ਹਨ। ਮੇਲੇ ਦੇ ਅੰਤ ਵਿੱਚ ਜੋਸ਼ੀਲੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਹੁੰਦੀਆਂ ਹਨ।

ਜਰਗ ਦਾ ਮੇਲਾ ਮਾਰਚ ਅਪ੍ਰੈਲ ਦੇ ਮਹੀਨੇ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਜਰਗ ਵਿੱਚ ਲੱਗਦਾ ਹੈ। ਇਹ ਮੇਲਾ ਸ਼ੀਤਲਾ ਮਾਤਾ ਦੇ ਸਨਮਾਨ ਵਿਚ ਲੱਗਦਾ ਹੈ ਅਤੇ ਇਸ ਨੂੰ ਬੀਬੜੀਆਂ ਦਾ ਮੇਲਾ ਵੀ ਆਖਦੇ ਹਨ। ਇਸ ਮੇਲੇ ਤੋਂ ਇੱਕ ਦਿਨ ਪਹਿਲਾਂ ਮਿੱਠੇ ਗੁਲਗਲੇ ਬਣਾਏ ਜਾਂਦੇ ਹਨ ਅਤੇ ਫਿਰ ਮਾਤਾ ਨੂੰ ਮੱਥਾ ਟੇਕਿਆ ਜਾਂਦਾ ਹੈ। ਮਗਰੋਂ ਇਹ ਪ੍ਰਸ਼ਾਦ ਗਧੇ ਨੂੰ ਚੜ੍ਹਾਇਆ ਜਾਂਦਾ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਹ ਜੀਵ ਮਾਤਾ ਦਾ ਪਿਆਰਾ ਸੀ। ਮਾਤਾ ਨੂੰ ਪੂਜਨ ਮਗਰੋਂ ਬਾਕੀ ਪਰਿਵਾਰ ਵੀ ਪ੍ਰਸ਼ਾਦ ਲੈਂਦਾ ਹੈ। ਭਾਵੇਂ ਇਸ ਤਿਉਹਾਰ ਨੂੰ ਮਾਲਵੇ ਅਤੇ ਪੁਆਧੀ ਦੇ ਇਲਾਕਿਆਂ ਵਿਚ ਵੀ ਮਨਾਇਆ ਜਾਂਦਾ ਹੈ ਪਰ ਇਹ ਮੇਲਾ ਕੇਵਲ ਜਰਗ ਵਿੱਚ ਹੀ ਲੱਗਦਾ ਹੈ। ਜਰਗ ਵਿਖੇ ਇਕ ਤਲਾਬ ਨੇਡ਼ੇ ਮਾਤਾ ਦੇ ਭਗਤ ਇਕੱਠੇ ਹੁੰਦੇ ਹਨ ਅਤੇ ਇੱਥੋਂ ਮਿੱਟੀ ਕੱਢ ਕੇ ਇੱਕ ਟਿੱਬਾ ਬਣਾਉਂਦੇ ਹਨ ਜਿਸ ਨੂੰ ਮਾਤਾ ਦੇ ਮੰਦਿਰ ਬਰਾਬਰ ਮੰਨਿਆ ਜਾਂਦਾ ਹੈ।

ਬਾਬਾ ਸੋਢਲ ਦਾ ਮੇਲਾ ਅਗਸਤ ਸਤੰਬਰ ਦੇ ਵਿਚ ਲੱਗਦਾ ਹੈ ਅਤੇ ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ ਵੱਖ ਧਰਮਾਂ ਦੇ ਲੋਕ ਦਰਸ਼ਨਾਂ ਲਈ ਆਉਂਦੇ ਹਨ। ਬਾਬਾ ਸੋਢਲ ਦਾ ਜਨਮ ਜਲੰਧਰ ਵਿੱਚ ਹੋਇਆ ਸੀ ਤੇ ਇਹ ਮੇਲਾ ਉਨ੍ਹਾਂ ਦੀ ਮੁਕਤੀ ਦੇ ਦਿਨ ਲੱਗਦਾ ਹੈ। ਬਾਬਾ ਸੋਢਲ ਨੂੰ ਬਾਲ ਗੁਰੂ ਦੇ ਰੂਪ ਵਿੱਚ ਵੀ ਪੂਜਿਆ ਜਾਂਦਾ ਹੈ ਅਤੇ ਲੋਕ ਬਾਬਾ ਸੋਢਲ ਦੇ ਸਰੋਵਰ ਵਿਚ ਇਸ਼ਨਾਨ ਵੀ ਕਰਦੇ ਹਨ।

ਛਪਾਰ ਦਾ ਮੇਲਾ ਗੁੱਗਾ ਪੀਰ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜੋ ਚੌਹਾਨ ਰਾਜਪੂਤ ਸੀ। ਇਹ ਕਿਹਾ ਜਾਂਦਾ ਹੈ ਕਿ ਗੁੱਗਾ ਪੀਰ ਆਪਣੇ ਘੋੜੇ ਸਮੇਤ ਧਰਤੀ ਵਿੱਚ ਸਮਾ ਗਏ ਸਨ।<ਇਕ ਕਥਾ ਅਨੁਸਾਰ ਗੁੱਗਾ ਪੀਰ ਕੋਲ ਸੱਪਾਂ ਨੂੰ ਵੱਸ ਵਿੱਚ ਕਰਨ ਦੀ ਤਾਕਤ ਸੀ। ਇਹ ਮੇਲਾ ਗੁੱਗੇ ਦੀ ਮਾੜੀ ਵਿਖੇ ਮਨਾਇਆ ਜਾਂਦਾ ਹੈ ਜੋ ਇੱਕ ਬਹੁਤ ਵੱਡਾ ਪਵਿੱਤਰ ਸਥਲ ਹੈ ਅਤੇ ਇੱਥੇ ਸੱਪ ਦੇ ਕੱਟੇ ਦਾ ਇਲਾਜ ਵੀ ਹੁੰਦਾ ਹੈ। ਗੁੱਗੇ ਪੀਰ ਨੂੰ ਸੱਪਾਂ ਤੋਂ ਰਾਖੀ ਕਰਨ ਦੀ ਪ੍ਰਾਰਥਨਾ ਹਿੱਤ ਧਰਤੀ ਤੋਂ ਸੱਤ ਵਾਰ ਮਿੱਟੀ ਚੁੱਕੀ ਜਾਂਦੀ ਹੈ।

ਗੁੱਗਾ ਨੌਮੀ ਵੀ ਗੁੱਗੇ ਪੀਰ ਦੀ ਯਾਦ ਵਿਚ ਸਤੰਬਰ ਵਿਚ ਹੀ ਮਨਾਈ ਜਾਂਦੀ ਹੈ। ਇਹ ਜਨਮ ਅਸ਼ਟਮੀ ਤੋਂ ਅਗਲੇ ਦਿਨ ਹੁੰਦੀ ਹੈ ਅਤੇ ਪੀਰ ਦੇ ਚੇਲੇ ਕੰਧਾਂ ਤੇ ਪੀਰ ਦੀ ਹਲਦੀ ਨਾਲ ਮੂਰਤ ਬਣਾਉਂਦੇ ਹਨ। ਇਸ ਦੇ ਅੱਗੇ ਇੱਕ ਕਾਲੇ ਸੱਪ ਨੂੰ ਬਣਾਇਆ ਜਾਂਦਾ ਹੈ ਅਤੇ ਉਸ ਦੀ ਪੂਜਾ ਕੀਤੀ ਆ ਜਾਂਦੀ ਹੈ। ਗੁੱਗਾ ਨੌਮੀ ਵਾਲੇ ਦਿਨ ਮਿੱਠੀਆਂ ਸੇਵੀਆਂ ਖਾਸ ਤੌਰ ਤੇ ਬਣਦੀਆਂ ਹਨ। ਲਾਲਬੱਗੀ ਜਿਨ੍ਹਾਂ ਨੂੰ ਗੁੱਗਾ ਪੀਰ ਦੇ ਭਗਤ ਕਿਹਾ ਜਾਂਦਾ, ਇਕ ਲੰਮੀ ਸੋਟੀ ਨੂੰ ਰੰਗ ਬਿਰੰਗੇ ਕੱਪੜਿਆਂ ਝੰਡੀਆਂ ਅਤੇ ਨਾਰੀਅਲ ਨਾਲ ਸਜਾਉਂਦੇ ਹਨ ਅਤੇ ਪੀਰ ਦੇ ਰੂਪ ਦੀ ਵਿੱਚ ਇਸ ਦੀ ਪੂਜਾ ਕੀਤੀ ਜਾਂਦੀ ਹੈ। ਜੋ ਭਗਤ ਪੀਰ ਦੀ ਪ੍ਰਤਿਮਾ ਚੁੱਕਦੇ ਹਨ ਉਨ੍ਹਾਂ ਨੂੰ ਪੀਰ ਦੀ ਸਵਾਰੀ ਕਿਹਾ ਜਾਂਦਾ ਹੈ।

ਸ਼ਹੀਦੀ ਜੋੜ ਮੇਲਾ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਮਨਾਇਆ ਜਾਂਦਾ ਹੈ। ਇਹ ਮੇਲਾ ਸਿੱਖ ਧਰਮ ਦੇ ਵਿਚ ਖਾਸ ਵਿਸ਼ੇਸ਼ਤਾ ਰੱਖਦਾ ਹੈ। ਜ਼ਿਕਰਯੋਗ ਹੈ ਕਿ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪਾ ਗਏ ਸਨ। ਸਰਹਿੰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਵਜ਼ੀਰ ਖਾਨ ਵੱਲੋਂ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਮਾਤਾ ਗੁਜਰੀ ਜੀ ਵੀ ਸ਼ਹੀਦੀ ਪਾ ਗਏ ਸਨ। ਸ਼ਹੀਦੀ ਜੋੜ ਮੇਲ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਲੱਗਦਾ ਹੈ। ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਆਮ ਤੌਰ ਤੇ 19,20,21 ਦਸੰਬਰ ਦੇ ਦਿਨਾਂ ਵਿੱਚ ਲੱਗਦਾ ਹੈ ਅਤੇ ਵੱਖ ਵੱਖ ਥਾਂਵਾਂ ਤੋਂ ਸੰਗਤ ਗੁਰਦੁਆਰਾ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਪਹੁੰਚਦੀ ਹੈ। ਸਰਹਿੰਦ ਵਿਖੇ ਸ਼ਹੀਦੀ ਜੋੜ ਮੇਲ 25,26,27 ਦਸੰਬਰ ਦੇ ਦਿਨਾਂ ਵਿੱਚ ਲੱਗਦਾ ਹੈ ਅਤੇ ਇੱਥੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਜੋਤੀ ਸਰੂਪ ਸਾਹਿਬ ਅਤੇ ਠੰਢਾ ਬੁਰਜ ਵਿਖੇ ਸੰਗਤਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਪਹੁੰਚਦੀਆਂ ਹਨ। ਇਸ ਮੇਲੇ ਦੇ ਆਖ਼ਰੀ ਦਿਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਹੈ। ਫਤਹਿਗਡ਼੍ਹ ਸਾਹਿਬ ਗੁਰਦੁਆਰਾ ਉਸੇ ਥਾਂ ਤੇ ਬਣਿਆ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਕੇ ਮਿਸਾਲ ਕਾਇਮ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ਹੀਦੀ ਜੋੜ ਮੇਲ ਨੂੰ ਲੋਕ ਮੇਲਾ ਨਾ ਆਖਦੇ ਹੋਏ ਮੇਲ ਆਖਦੇ ਹਨ ਕਿਉਂਕਿ ਇਹ ਕੋਈ ਖ਼ੁਸ਼ੀਆਂ ਦਾ ਮੇਲਾ ਨਹੀਂ ਹੈ ਬਲਕਿ ਇਹ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਹੈ। ਇਸੇ ਕਾਰਨ ਆਮ ਤੌਰ ਤੇ ਬਹੁਤੇ ਸਿੱਖ ਪਰਿਵਾਰ ਪੋਹ ਦੇ ਮਹੀਨੇ ਵਿਚ ਕੋਈ ਖ਼ੁਸ਼ੀ ਵਾਲਾ ਸਮਾਗਮ ਵੀ ਨਹੀਂ ਰੱਖਦੇ।

ਮਲੇਰਕੋਟਲਾ ਵਿਖੇ ਹੈਦਰ ਸ਼ੇਖ ਦੀ ਦਰਗਾਹ ਤੇ ਹਰ ਸਾਲ ਚਾਰ ਰੋਜ਼ਾ ਵੱਡਾ ਮੇਲਾ ਭਰਦਾ ਹੈ। ਇੱਥੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਇੱਥੇ ਵੀ ਸੰਤਾਨ ਇਸਤਰੀਆਂ ਪੀਰ ਕੋਲ ਸੰਤਾਨ ਪ੍ਰਾਪਤੀ ਦੀ ਦੁਆ ਕਰਦੀਆਂ ਹਨ ਤਾਂ ਉਨ੍ਹਾਂ ਦੀ ਦੁਆ ਕਬੂਲ ਹੋ ਜਾਂਦੀ ਹੈ। ਇਕ ਹੋਰ ਕਥਨੀ ਹੈ ਕਿ ਜੇਕਰ ਕੋਈ ਵਿਅਕਤੀ ਓਪਰੀ ਸ਼ਕਤੀ ਨਾਲ ਪ੍ਰਭਾਵਿਤ ਹੋਵੇ ਅਤੇ ਪੀਰ ਦੀ ਦਰਗਾਹ ਤੇ ਨਤਮਸਤਕ ਹੋ ਕੇ ਰੋਟ ਚਡ਼੍ਹਾਵੇ ਤਾਂ ਉਸ ਉੱਤੋਂ ਬੁਰੀ ਆਤਮਾ ਦਾ ਸਾਇਆ ਟਲ ਜਾਂਦਾ ਹੈ।

ਪਟਿਆਲਾ ਵਿਰਾਸਤੀ ਮੇਲਾ ਪਟਿਆਲਾ ਦੇ ਕਿਲਾ ਮੁਬਾਰਕ ਕੰਪਲੈਕਸ ਵਿਚ ਮਨਾਇਆ ਜਾਂਦਾ ਹੈ। ਇਹ ਮੇਲਾ 10 ਦਿਨ ਚੱਲਦਾ ਹੈ ਅਤੇ ਇਸ ਮੇਲੇ ਵਿਚ ਹਸਤਕਲਾ ਭਾਰਤੀ ਸ਼ਾਸਤਰੀ ਸੰਗੀਤ ਅਤੇ ਲੋਕ ਨਾਚ ਦੇ ਮੁਕਾਬਲੇ ਹੁੰਦੇ ਹਨ। ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਵਿੱਚ ਚੰਦੋਏ, ਇਤਿਹਾਸਕ ਹਥਿਆਰ, ਪਟਿਆਲਾ ਅਤੇ ਬਰਤਾਨੀਆ ਸਾਮਰਾਜ ਦੇ ਰਾਜੇ ਰਾਣੀਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਸ਼ੀਸ਼ ਮਹਿਲ ਦੀ ਪ੍ਰਾਕਿਰਤੀ ਸੰਬੰਧੀ ਗੈਲਰੀ ਦਿੱਲੀ ਵਿੱਚ ਵੀ ਪੁਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਹੋਰ ਵੀ ਬਹੁਤ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚ ਜਗਰਾਉਂ ਦੀ ਰੌਸ਼ਨੀ ਦਾ ਮੇਲਾ, ਬਠਿੰਡਾ ਦਾ ਵਿਰਾਸਤੀ ਮੇਲਾ, ਮਾਈਸਰਖਾਨੇ ਦਾ ਮੇਲਾ, ਰੂਪਨਗਰ ਵਿਰਾਸਤੀ ਮੇਲਾ, ਅੰਮ੍ਰਿਤਸਰ ਵਿਰਾਸਤੀ ਮੇਲਾ ਅਤੇ ਕਪੂਰਥਲਾ ਵਿਰਾਸਤੀ ਮੇਲਾ ਆਦਿ ਹਨ।

ਪੰਜਾਬ ਦੇ ਵਿਰਸੇ ਦੀ ਵਿਭਿੰਨਤਾ ਦਰਸਾਉਂਦੇ ਇਹ ਮੇਲੇ ਸਾਡੇ ਸੱਭਿਆਚਾਰ ਨਾਲ ਸਾਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਇਹ ਮੇਲਾ ਪਿਛਲੇ ਸਾਲਾਂ ਦੇ ਵਿੱਚ ਨਹੀਂ ਹੋ ਪਾਏ। ਪਰ ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਮੇਲਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਸਾਡੇ ਵਿਰਸੇ ਨਾਲ ਜੁੜੀ ਰਹੇ।

Related Stories

No stories found.
logo
Punjab Today
www.punjabtoday.com