Sunday Column: ਵਿਰਸਾ ਅਤੇ ਸੱਭਿਆਚਾਰ; ਸਾਡੇ ਰੁੱਖ

ਰੁੱਖਾਂ ਅਤੇ ਮਨੁੱਖਾਂ ਵਿਚਕਾਰ ਬਹੁਤ ਗਹਿਰਾ ਸਬੰਧ ਹੈ। ਮਨੁੱਖੀ ਜੀਵਨ ਨੂੰ ਰੁੱਖਾਂ ਅਤੇ ਬਨਸਪਤੀ ਤੋਂ ਬਿਨਾਂ ਕਿਆਸਿਆ ਵੀ ਨਹੀਂ ਜਾ ਸਕਦਾ।
Sunday Column: ਵਿਰਸਾ ਅਤੇ ਸੱਭਿਆਚਾਰ; ਸਾਡੇ ਰੁੱਖ

ਇਕ ਸਮਾਂ ਸੀ ਜਦ ਪੰਜਾਬ ਦੀ ਧਰਤੀ ਤਰ੍ਹਾਂ ਤਰ੍ਹਾਂ ਦੇ ਰੁੱਖਾਂ ਨਾਲ ਸ਼ਿੰਗਾਰੀ ਹੋਈ ਸੀ ਅਤੇ ਇਹ ਰੁੱਖ ਕੇਵਲ ਖੇਤਾਂ ਬੰਨ੍ਹਿਆਂ, ਰਾਹਾਂ ਅਤੇ ਸਾਂਝੀਆਂ ਥਾਵਾਂ ਦਾ ਸ਼ਿੰਗਾਰ ਹੀ ਨਹੀਂ ਹੁੰਦੇ ਸਨ ਸਗੋਂ ਇਨ੍ਹਾਂ ਨੂੰ ਘਰਾਂ ਵਿੱਚ ਵੀ ਬਹੁਤ ਪਿਆਰ ਨਾਲ ਲਗਾਇਆ ਅਤੇ ਪਾਲਿਆ ਜਾਂਦਾ ਸੀ।

ਪੰਜਾਬ ਦੇ ਸਧਾਰਨ ਰੁੱਖਾਂ ਵਿੱਚ ਨਿੰਮ, ਟਾਹਲੀ, ਤੂਤ, ਨਸੂੜਾ, ਪਿੱਪਲ, ਬੋਹੜ, ਕਿੱਕਰ, ਬੇਰੀ ਆਦਿ ਸ਼ਾਮਿਲ ਕੀਤੇ ਜਾ ਸਕਦੇ ਹਨ ਜਦਕਿ ਜੰਗਲੀ ਰੁੱਖਾਂ ਵਿੱਚ ਜੰਡ, ਵਣ, ਕਰੀਰ, ਰੇਰੂ, ਅੱਕ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ। ਨਿੰਮ ਵਿਚ ਦਵਾਈ ਦਾਰੂ ਵਾਲੇ ਗੁਣ ਮੰਨੇ ਜਾਂਦੇ ਹਨ। ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਜ਼ਖ਼ਮਾਂ ਨੂੰ ਧੋਤਾ ਜਾਂਦਾ ਸੀ। ਇਸ ਰੁੱਖ ਦੇ ਵਿੱਚ ਬਹੁਤ ਕੁੜੱਤਣ ਹੁੰਦੀ ਹੈ ਜਿਸ ਕਾਰਨ ਇਸ ਨੂੰ ਕਦੇ ਵੀ ਸਿਉਂਕ ਨਹੀਂ ਲੱਗਦੀ। ਇਸ ਦੀਆਂ ਨਮੋਲੀਆਂ ਪੱਕਣ ਤੇ ਮਿੱਠੀਆਂ ਹੋ ਜਾਂਦੀਆਂ ਹਨ। ਪੁਰਾਣੇ ਸਮੇਂ ਦੇ ਵਿਚ ਅਤੇ ਹੁਣ ਵੀ ਕਿਸੇ ਕਿਸੇ ਜਗ੍ਹਾ ਉੱਤੇ ਘਰ ਵਿੱਚ ਲੜਕਾ ਪੈਦਾ ਹੋਣ ਤੇ ਦਰਵਾਜ਼ੇ ਉੱਪਰ ਨਿੰਮ ਬੰਨ੍ਹਿਆ ਜਾਂਦਾ ਸੀ। ਪੁਰਾਣੇ ਡੈਮ ਵਿਚ ਜਦੋਂ ਟੁੱਥ ਬਰੱਸ਼ ਨਹੀਂ ਹੁੰਦੇ ਸਨ ਤਾਂ ਲੋਕ ਦੰਦਾਂ ਦੀ ਸਫਾਈ ਵਾਸਤੇ ਨਿੰਮ ਦੀਆਂ ਦਾਤਣਾਂ ਵੀ ਕਰਦੇ ਸਨ।

ਟਾਹਲੀ ਦੀ ਲੱਕੜ ਬਹੁਤ ਮਜ਼ਬੂਤ ਸਮਝੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਫਰਨੀਚਰ ਵਗੈਰਾ ਬਣਾਉਣ ਲਈ ਕੀਤੀ ਜਾਂਦੀ ਹੈ। ਤੂਤ ਦੀਆਂ ਛਟੀਆਂ ਬਹੁਤ ਲਚਕਦਾਰ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਟੋਕਰੇ ਟੋਕਰੀਆਂ ਬਣਾਉਣ ਲਈ ਵਰਤਿਆ ਜਾਂਦਾ ਸੀ। ਤੂਤ ਉੱਪਰ ਲੱਗਣ ਵਾਲੀਆਂ ਤੂਤੀਆਂ ਵੀ ਬਹੁਤ ਮਿੱਠੀਆਂ ਅਤੇ ਸਵਾਦ ਹੁੰਦੀਆਂ ਹਨ। ਨਸੂੜੇ ਦੀ ਲੱਕੜ ਆਮ ਤੌਰ ਤੇ ਨਰਮ ਸਮਝੀ ਜਾਂਦੀ ਸੀ।

ਪਿੱਪਲ ਸਾਡਾ ਬਹੁਤ ਹੀ ਪੁਰਾਤਨ ਰੁੱਖ ਹੈ ਅਤੇ ਸਾਡੇ ਲੋਕ ਇਸ ਦੀ ਪੂਜਾ ਕਰਦੇ ਰਹੇ ਹਨ। ਇਸ ਰੁੱਖ ਨੂੰ ਵੱਢਣਾ ਜਾਂ ਇਸ ਉੱਪਰ ਆਰੀ ਚਲਾਉਣਾ ਪਾਪ ਸਮਝਿਆ ਜਾਂਦਾ ਸੀ। ਇਸ ਦੀ ਛਾਂ ਬਹੁਤ ਸੰਘਣੀ ਹੁੰਦੀ ਅਤੇ ਪੰਛੀ ਵੀ ਇਸ ਉੱਪਰ ਸਭ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਰੁੱਖ ਦੀ ਵਿਸ਼ੇਸ਼ਤਾ ਇਹ ਸੀ ਕਿ ਰਾਤ ਸਮੇਂ ਵੀ ਇਹ ਆਕਸੀਜਨ ਛੱਡਦਾ ਹੈ ਜਦ ਕਿ ਬਾਕੀ ਰੁੱਖ ਕੇਵਲ ਦਿਨ ਸਮੇਂ ਆਕਸੀਜਨ ਦਿੰਦੇ ਹਨ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਵੀ ਪਿੱਪਲ ਰੁੱਖ ਹੇਠ ਹੋਈ ਸੀ ਜਿਸ ਕਾਰਨ ਇਸ ਨੂੰ ਬੋਧੀ ਰੁੱਖ ਵੀ ਕਿਹਾ ਜਾਂਦਾ ਹੈ।

ਬੋਹੜ ਦੀ ਛਾਂ ਵੀ ਪੀਪਲ ਵਾਂਗ ਬਹੁਤ ਸੰਘਣੀ ਹੁੰਦੀ ਅਤੇ ਇਸ ਰੁੱਖ ਦੀ ਉਮਰ ਵੀ ਬਹੁਤ ਲੰਬੀ ਹੁੰਦੀ ਹੈ। ਪੰਛੀਆਂ ਲਈ ਇਹ ਇਕ ਆਦਰਸ਼ ਰਿਹਾਇਸ਼ਗਾਹ ਸਿੱਧ ਹੁੰਦਾ ਹੈ।

ਕਿਸੇ ਸਮੇਂ ਪੰਜਾਬ ਵਿੱਚ ਭਾਰੀ ਗਿਣਤੀ ਵਿਚ ਕਿੱਕਰਾਂ ਦੇਖੀਆਂ ਜਾ ਸਕਦੀਆਂ ਸਨ ਪਰ ਅੱਜ ਇਨ੍ਹਾਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ। ਕਿੱਕਰ ਦੀ ਲੱਕੜ ਕਾਫ਼ੀ ਸਖ਼ਤ ਹੁੰਦੀ ਅਤੇ ਆਮ ਘਰਾਂ ਵਿੱਚ ਸ਼ਤੀਰ ਸ਼ਤੀਰੀਆਂ ਅਤੇ ਦਰਵਾਜ਼ੇ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਦੇ ਉੱਪਰ ਲੱਗਣ ਵਾਲਾ ਫਲ ਜਿਸ ਦਾ ਨਾਮ ਤੁੱਕੇ ਹੈ, ਦਾ ਲੋਕ ਆਚਾਰ ਵੀ ਪਾਉਂਦੇ ਸਨ। ਇਸ ਅਚਾਰ ਨੂੰ ਬਹੁਤ ਹੀ ਗੁਣਕਾਰੀ ਸਮਝਿਆ ਜਾਂਦਾ ਸੀ। ਕਿੱਕਰ ਉੱਪਰ ਛੋਟੇ ਛੋਟੇ ਪੀਲੇ ਫੁੱਲ ਲੱਗਦੇ ਹਨ ਅਤੇ ਇਸ ਤੋਂ ਮਿਲਣ ਵਾਲੀ ਗੂੰਦ ਔਰਤਾਂ ਲਈ ਰਲਾਈ ਜਾਣ ਵਾਲੀ ਪੰਜੀਰੀ ਤੋਂ ਇਲਾਵਾ ਕਈ ਦੇਸੀ ਦਵਾਈਆਂ ਵਿੱਚ ਵੀ ਵਰਤੀ ਜਾਂਦੀ ਸੀ। ਅੱਜ ਦੇ ਸਮੇਂ ਵਿੱਚ ਕਿੱਕਰ ਪੰਜਾਬ ਵਿੱਚ ਬਹੁਤ ਘੱਟ ਦਿਖਦੇ ਹਨ ਅਤੇ ਤੁੱਕਿਆਂ ਦਾ ਆਚਾਰ ਵੀ ਅਲੋਪ ਹੋ ਰਿਹਾ ਹੈ। ਟੁੱਥ ਬਰੱਸ਼ ਹੋਣ ਤੋਂ ਪਹਿਲਾਂ ਲੋਕ ਕਿੱਕਰ ਦੀ ਦਾਤਣ ਵੀ ਕਰਦੇ ਸਨ। ਪਰ ਨਿੰਮ ਦੀ ਦਾਤਣ ਨੂੰ ਕਿੱਕਰ ਦੀ ਦਾਤਣ ਨਾਲੋਂ ਵਧੇਰੇ ਗੁਣਕਾਰੀ ਮੰਨਿਆ ਜਾਂਦਾ ਸੀ।

ਬੇਰੀ ਦੀ ਲੱਕੜ ਵੀ ਵਧੀਆ ਮੰਨੀ ਜਾਂਦੀ ਹੈ ਪਰ ਇਸ ਦੀ ਕਦਰ ਵਧੇਰੇ ਕਰਕੇ ਇਸ ਉੱਪਰ ਲੱਗਣ ਵਾਲੇ ਸਵਾਦਿਸ਼ਟ ਬੇਰਾਂ ਕਾਰਨ ਹੁੰਦੀ ਸੀ। ਜੰਡ ਅਤੇ ਵਣ ਖੁਸ਼ਕ ਇਲਾਕੇ ਤੇ ਰੁੱਖ ਹਨ ਅਤੇ ਇਹ ਆਪਣੇ ਆਪ ਹੀ ਪੈਦਾ ਹੁੰਦੇ ਸਨ। ਜੰਡ ਉੱਪਰ ਫਲੀਆਂ ਜਿਹੀਆਂ ਲੱਗਦੀਆਂ ਹਨ ਜਿਨ੍ਹਾਂ ਨੂੰ ਖਾਖਾਂ ਕਿਹਾ ਜਾਂਦਾ ਸੀ। ਵਿਆਹ ਸਮੇਂ ਦੀਆਂ ਰਸਮਾਂ ਵਿੱਚ ਇੱਕ ਰਸਮ ਜੰਡੀ ਵੱਢਣਾ ਵੀ ਹੁੰਦੀ ਸੀ ਅਤੇ ਇਹ ਰਸਮ ਪੂਰੀ ਕਰਨ ਲਈ ਵਿਆਹ ਵਾਲਾ ਲੜਕਾ ਜੰਨ ਚੜ੍ਹਨ ਤੋਂ ਪਹਿਲਾਂ ਜੰਡੀ ਨੂੰ ਟੱਕ ਲਾਇਆ ਕਰਦਾ ਸੀ।

ਕਰੀਰ ਵੀ ਖੁਸ਼ਕ ਇਲਾਕੇ ਦਾ ਰੁੱਖ ਹੈ ਅਤੇ ਇਸ ਝਾੜੀਨੁਮਾ ਕੰਡੇਦਾਰ ਰੁੱਖ ਦੀ ਲੱਕੜ ਦਾ ਬਣਿਆ ਹੋਇਆ ਵੇਲਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਕਰੀਅਰ ਨੂੰ ਵੀ ਇੱਕ ਫਲ ਲਗਦਾ ਸੀ ਜਿਸਦਾ ਨਾਮ ਸੀ ਡੇਲੇ। ਡੇਲਿਆਂ ਦਾ ਆਚਾਰ ਪਾਇਆ ਜਾਂਦਾ ਸੀ ਜੋ ਬਹੁਤ ਗੁਣਕਾਰੀ ਹੁੰਦਾ ਸੀ। ਅੱਜ ਦੇ ਸਮੇਂ ਵਿੱਚ ਡੇਲੇ ਪੰਜਾਬ ਵਿਚੋਂ ਅਲੋਪ ਜਿਹੇ ਹੋ ਰਹੇ ਹਨ। ਭਾਵੇਂ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਇਹ ਹਾਲੇ ਵੀ ਮਿਲ ਜਾਂਦੇ ਹਨ।

ਫਰਮਾਂਹ ਵੀ ਪੰਜਾਬ ਦਾ ਇੱਕ ਪ੍ਰਸਿੱਧ ਰੁੱਖ ਹੁੰਦਾ ਸੀ। ਇਸ ਦੇ ਪੱਤੇ ਝੜਦੇ ਡੱਕਿਆਂ ਵਰਗੇ ਹੁੰਦੇ ਸਨ ਅਤੇ ਇਨ੍ਹਾਂ ਨੂੰ ਸੁਕਾ ਕੇ ਤੰਦੂਰ ਆਦਿ ਬਣਾਉਣ ਲਈ ਵਰਤਿਆ ਜਾਂਦਾ ਸੀ। ਇਸ ਦੀ ਲੱਕੜ ਨਰਮ ਹੁੰਦੀ ਸੀ ਅਤੇ ਇਸ ਦੀਆਂ ਪੇਟੀਆਂ ਅਤੇ ਸੰਦੂਕ ਜਿਸ ਵਿੱਚ ਸੁਆਣੀਆਂ ਆਪਣੇ ਦਾਜ ਦਹੇਜ ਸਵਾਏ ਹੋਏ ਕੱਪੜੇ ਅਤੇ ਹੋਰ ਲੀੜੇ ਪਾਉਂਦੀਆਂ ਸਨ, ਵੀ ਬਣਾਏ ਜਾਂਦੇ ਸਨ।

ਪਿਛਲੇ ਕੁਝ ਅਰਸੇ ਦੌਰਾਨ ਪੰਜਾਬ ਵਿੱਚ ਵਪਾਰਕ ਰੁੱਖਾਂ ਦਾ ਬੋਲਬਾਲਾ ਸ਼ੁਰੂ ਹੋਇਆ ਅਤੇ ਲੋਕਾਂ ਨੇ ਸਫ਼ੈਦੇ ਅਤੇ ਪਾਪੂਲਰ ਆਦਿ ਰੁੱਖ ਲਗਾਉਣੇ ਸ਼ੁਰੂ ਕੀਤੇ। ਇਸ ਤੋਂ ਇਲਾਵਾ ਬਹੁਤ ਸਾਰੇ ਖੇਤਰਾਂ ਵਿਚ ਫਲਦਾਰ ਰੁੱਖਾਂ ਦੀ ਖੇਤੀ ਵੀ ਸ਼ੁਰੂ ਹੋਈ ਜਿਸ ਨਾਲ ਸੂਬੇ ਦੀ ਅਰਥਵਿਵਸਥਾ ਵਿੱਚ ਕੁਝ ਬਦਲਾਅ ਆਉਣ ਦੀ ਸੰਭਾਵਨਾ ਦਿਖਾਈ ਦੇਣ ਲੱਗੀ ਪਰ ਬਾਜ਼ਾਰੀਕਰਨ ਅਤੇ ਖੇਤੀ ਅਧਾਰਤ ਸਨਅਤਾਂ ਇਸ ਦੀ ਘਾਟ ਕਾਰਨ ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ ਅਤੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ।

ਇਕ ਸਮਾਂ ਸੀ ਜਦ ਵੱਖ ਵੱਖ ਕਿਸਮ ਦੇ ਇਨ੍ਹਾਂ ਰੁੱਖਾਂ ਉੱਪਰ ਭਾਰੀ ਗਿਣਤੀ ਵਿੱਚ ਤਰ੍ਹਾਂ ਤਰ੍ਹਾਂ ਦੇ ਪੰਛੀ ਨਿਵਾਸ ਕਰਦੇ ਸਨ ਅਤੇ ਵਾਤਾਵਰਣ ਨੂੰ ਰੰਗੀਨੀ ਪ੍ਰਦਾਨ ਕਰਦੇ ਸਨ। ਅੱਜ ਪੰਜਾਬ ਵਿਚ ਪੇੜ ਪੌਦਿਆਂ ਤੇ ਜੰਗਲਾਂ ਦੀ ਅੰਧਾਧੁੰਦ ਕਟਾਈ ਕਾਰਨ ਪਸ਼ੂ ਪੰਛੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਘਟ ਰਹੀ ਹੈ।

ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੀਵ ਜੰਤੂ ਜਗਤ ਅਤੇ ਮਨੁੱਖੀ ਜਗਤ ਦਰਮਿਆਨ ਪੂਰਨ ਸੰਤੁਲਨ ਹੀ ਸ਼ਾਂਤ ਅਤੇ ਸੁਖਦ ਜੀਵਨ ਦਾ ਆਧਾਰ ਹੈ ਅਤੇ ਇਸ ਸੰਤੁਲਨ ਨੂੰ ਵਿਗਾੜਦਿਆਂ ਹੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਸਮੇਂ ਦੀ ਲੋੜ ਹੈ ਕਿ ਅਸੀਂ ਪੰਜਾਬ ਨੂੰ ਪਹਿਲਾਂ ਵਾਂਗ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੰਗਾ ਵਾਤਾਵਰਣ ਮਿਲ ਸਕੇ। ਪੁਰਾਣੇ ਸਮੇਂ ਦੇ ਵਿਚ ਇਹ ਕਿਹਾ ਜਾਂਦਾ ਸੀ ਕਿ

"ਪਿੱਪਲ ਵਰਗਾ ਪੁਰਖਾ ਮਿਲਿਆ, ਨਾਰਾਇਣ ਵਰਗਾ ਨਿੰਮ, 100 ਰੋਗਾਂ ਦੀ ਔਸ਼ਧੀ, ਤੁਲਸੀ ਇਕ ਹਕੀਮ"।

ਇਨ੍ਹਾਂ ਤੁਕਾਂ ਦਾ ਇਹੀ ਅਰਥ ਸੀ ਕਿ ਰੁੱਖ ਸਾਡੇ ਜੀਵਨ ਦਾ ਅਟੁੱਟ ਹਿੱਸਾ ਸਨ। ਸਾਨੂੰ ਹੁਣ ਵੀ ਪੰਜਾਬ ਨੂੰ ਜੋ ਕਿ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ, ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਰੇਗਿਸਤਾਨ ਬਣਨ ਤੋਂ ਬਚਾਇਆ ਜਾ ਸਕੇ।

Related Stories

No stories found.
logo
Punjab Today
www.punjabtoday.com