ਅਜਨਾਲਾ 'ਚ ਭੀੜ ਅੱਗੇ ਗੋਡੇ ਟੇਕਣਾ ਆਮ ਆਦਮੀ ਪਾਰਟੀ ਦੀ ਨਾਕਾਮੀ : ਜਾਖੜ

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਅਜਨਾਲਾ 'ਚ ਭੀੜ ਅੱਗੇ ਗੋਡੇ ਟੇਕਣਾ ਆਮ ਆਦਮੀ ਪਾਰਟੀ ਦੀ ਨਾਕਾਮੀ : ਜਾਖੜ

ਪੰਜਾਬ ਵਿਚ ਜ਼ਿਆਦਾਤਰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਅਜਨਾਲਾ ਕਾਂਡ ਦੀ ਆਲੋਚਨਾ ਕੀਤੀ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਅਜਨਾਲਾ ਕਾਂਡ ਵਿੱਚ ਸਰਕਾਰ ਨੇ ਭੀੜ ਅੱਗੇ ਗੋਡੇ ਟੇਕਦੇ ਹੋਏ ਇੱਕ ਦੋਸ਼ੀ ਨੂੰ ਆਸਾਨੀ ਨਾਲ ਛੱਡ ਦਿਤਾ, ਇਹ ਬਹੁਤ ਸ਼ਰਮਨਾਕ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰਾਂ ਇਸ ਤਰ੍ਹਾਂ ਨਹੀਂ ਚਲਦੀਆਂ, ਸਰਕਾਰ ਚਲਾਉਣ ਲਈ ਜਿਗਰਾ ਚਾਹੀਦਾ ਹੈ। ਉਹ ਪਟਿਆਲਾ ਸਥਿਤ ਭਾਜਪਾ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੀਮਾ, ਪੰਜਾਬ ਮੀਤ ਪ੍ਰਧਾਨ ਜੈ ਇੰਦਰ ਕੌਰ, ਜ਼ਿਲ੍ਹਾ ਭਾਜਪਾ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਕੇ.ਕੇ ਮਲਹੋਤਰਾ ਹਾਜ਼ਰ ਸਨ।

ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਦਿੱਲੀ ਮਾਡਲ ਦੀ ਤਰਜ਼ 'ਤੇ ਪੰਜਾਬ 'ਚ ਸਿੱਖਿਆ ਢਾਂਚੇ 'ਚ ਸੁਧਾਰ ਕੀਤਾ ਜਾ ਰਿਹਾ ਹੈ, ਪਰ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਪੰਜਾਬੀ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰ ਦਿੱਤੀ ਹੈ। ਉਹ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਿੰਨਾ ਗੰਭੀਰ ਹੈ, ਇਸਤੋਂ ਪਤਾ ਲਗਦਾ ਹੈ। ਜਾਖੜ ਨੇ ਮੰਗ ਕੀਤੀ ਹੈ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਮੰਗ ਅਨੁਸਾਰ ਪੂਰੀ ਗਰਾਂਟ ਤੁਰੰਤ ਜਾਰੀ ਕਰੇ।

ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਸਰਕਾਰ ਝੂਠੇ ਲਾਰੇ ਲਾ ਕੇ ਲੁੱਟਣ ਦਾ ਡਰਾਮਾ ਕਰ ਰਹੀ ਹੈ ਅਤੇ ਲੋਕਾਂ ਦੇ ਹੱਕ ਵਿੱਚ ਵੱਡੇ ਫੈਸਲੇ ਲੈਣ ਦੇ ਦਾਅਵੇ ਕਰਦੀ ਹੈ, ਪਰ ਅਸਲੀਅਤ ਇਹ ਹੈ ਕਿ ਅੱਜ ਸਮਾਜ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ। ਪੰਜਾਬ ਵਿੱਚ ਹਰ ਰੋਜ਼ ਕਤਲ, ਜਬਰ-ਜ਼ਨਾਹ, ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ ਵਿੱਚ ਭਗਵੰਤ ਮਾਨ ਨੂੰ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਕਰਮਜੀਤ ਚੀਮਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਢਾਹ ਲਾ ਕੇ ਸ਼ਰੇਆਮ ਬੇਅਦਬੀ ਕੀਤੀ ਹੈ। ਪਰ ਭਗਵੰਤ ਮਾਨ ਸਰਕਾਰ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।

Related Stories

No stories found.
logo
Punjab Today
www.punjabtoday.com