ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ 15 ਮਈ ਤੱਕ ਦੱਖਣੀ-ਪੱਛਮੀ ਪੰਜਾਬ ਭਾਵ ਬਠਿੰਡਾ, ਸੰਗਰੂਰ, ਬਰਨਾਲਾ 'ਚ ਹੀਟ ਵੇਵ ਚੱਲਣ ਦੇ ਅਸਾਰ ਹਨ।
ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਗਰਮੀ ਦਾ ਕਹਿਰ ਵੱਧਦਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਚਲਾ ਜਾਂਦਾ ਹੈ। ਹੁਣ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਇਸ ਹਫਤੇ ਵੀ ਕੜਾਕੇ ਦੀ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਅਜੇ ਦਿਖਾਈ ਨਹੀਂ ਦੇ ਰਹੀ।

ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ 15 ਮਈ ਤੱਕ ਦੱਖਣੀ ਪੱਛਮੀ ਪੰਜਾਬ ਭਾਵ ਬਠਿੰਡਾ, ਸੰਗਰੂਰ, ਬਰਨਾਲਾ 'ਚ ਹੀਟ ਵੇਵ ਚੱਲਣ ਦੇ ਅਸਾਰ ਹਨ। ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਰਾ ਅਤੇ ਗਰਮੀ ਵਧੇਗੀ। ਅਤੇ ਉੱਤਰੀ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ ਸਮੇਤ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਇੰਨ੍ਹੀ ਜ਼ਿਆਦਾ ਨਹੀਂ ਹੋਵੇਗੀ ਜਿੰਨੀ ਦੱਖਣ-ਪੱਛਮ ਵਿੱਚ ਰਿਕਾਰਡ ਕੀਤੀ ਜਾਵੇਗੀ, ਪ੍ਰੰਤੂ ਫਿਰ ਵੀ ਇੱਥੇ ਗਰਮੀ ਤਾਂ ਰਹੇਗੀ।

ਡਾ. ਮਨਮੋਹਨ ਨੇ ਕਿਹਾ ਕਿ ਮਈ ਮਹੀਨੇ ਵਿੱਚ ਵੀ ਪਾਰਾ ਆਮ ਨਾਲੋਂ ਜ਼ਿਆਦਾ ਉੱਪਰ ਚੱਲ ਰਿਹਾ ਹੈ ਅਤੇ ਮੀਂਹ ਵੀ ਓਨਾਂ ਨਹੀਂ ਪੈ ਰਿਹਾ ਜਿੰਨਾ ਪੈਣਾ ਚਾਹੀਦਾ ਸੀ। ਇਸ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 16 ਮਈ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਅਤੇ ਅਪ੍ਰੈਲ ਵਿੱਚ ਵੀ ਬਾਰਿਸ਼ ਓਨੀਂ ਨਹੀ ਹੋਈ ਜਿੰਨੀ ਦੀ ਉਮੀਦ ਜਤਾਈ ਜਾ ਰਹੀ ਸੀ। ਜੇਕਰ ਮਈ ਵੀ ਇਸੇ ਤਰ੍ਹਾਂ ਮੀਹ ਤੋਂ ਬਿਨਾਂ ਲੰਘ ਗਿਆ ਤਾਂ ਆਮ ਜਨਜੀਵਨ ਦੇ ਨਾਲ-ਨਾਲ ਕਿਸਾਨਾਂ ਲਈ ਵੀ ਮੁਸੀਬਤ ਬਣ ਸਕਦੀ ਹੈ।

ਜਿਸ ਤਰ੍ਹਾਂ ਦੀ ਗਰਮੀ ਇਸ ਸਮੇਂ ਦਰਜ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਦੁਪਹਿਰ ਸਮੇਂ ਸੜਕਾਂ ਤੇ ਸੰਨਾਟਾ ਛਾ ਜਾਂਦਾ ਹੈ ਤੇ ਲੋਕ ਘੱਟ ਹੀ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਸ ਤੋਂ ਇਲਾਵਾ ਸਵੇਰ ਵੇਲੇ ਮੌਸਮ ਵਿੱਚ ਠੰਡਕ ਹੋਣ ਕਾਰਨ ਲੋਕ ਪਾਰਕਾਂ ਵਿੱਚ ਸੈਰ ਕਰਨ ਲਈ ਇਕੱਠਾ ਹੋ ਜਾਂਦੇ ਹਨ। ਬੀਤੇ ਦਿਨੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ। ਇਸ ਦੌਰਾਨ ਮੌਸਮ ਤਾਂ ਸਾਫ਼ ਰਿਹਾ ਪਰ ਤੇਜ਼ ਧੁੱਪ ਨੇ ਲੋਕਾਂ ਦੇ ਸਾਹ ਸੁਕਾ ਕੇ ਰੱਖੇ। ਭਾਰਤੀ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਤਾਪਮਾਨ 'ਚ 1 ਤੋਂ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਮੌਸਮ ਸਾਫ਼ ਰਹੇਗਾ ਅਤੇ ਕੜਕਦੀ ਧੁੱਪ ਲੋਕਾਂ ਨੂੰ ਗਰਮੀ ਦੇ ਕਹਿਰ ਦਾ ਅਹਿਸਾਸ ਕਰਵਾਉਂਦੀ ਰਹੇਗੀ।

ਜੇਕਰ ਪੰਜਾਬ ਦੇ ਪ੍ਰਮੁੱਖ ਜਿਲ੍ਹਿਆਂ ਦੀ ਬੀਤੇ ਦਿਨਾਂ ਦੀ ਤਸਵੀਰ ਵੇਖੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 42 ਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। ਹਵਾ ਦੀ ਗੁਣਵੱਤਾ ਸੂਚਕ ਅੰਕ ਦਰਮਿਆਨੀ ਸ਼੍ਰੇਣੀ ਵਿੱਚ 140 ਦਰਜ ਕੀਤਾ ਗਿਆ ਸੀ। ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਿਹਾ। ਇੱਥੇ ਵੀ ਮੌਸਮ ਸਾਫ਼ ਰਹਿਣ ਦੇ ਨਾਲ-ਨਾਲ ਏਅਰ ਕੁਆਲਿਟੀ ਇੰਡੈਕਸ 155 ਦਰਜ ਕੀਤਾ ਗਿਆ ਜੋਕਿ ‘ਦਰਮਿਆਨੀ’ ਸ਼੍ਰੇਣੀ ਵਿੱਚ ਆਉਂਦਾ ਹੈ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। ਹਵਾ ਗੁਣਵੱਤਾ ਦਰਮਿਆਨੀ ਸ਼੍ਰੇਣੀ ਵਿੱਚ 151 ਰਿਕਾਰਡ ਕੀਤੀ ਗਈ।

ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਹਾ। ਮੌਸਮ ਸਾਫ਼ ਰਿਹਾ ਅਤੇ ਹਵਾ ਗੁਣਵੱਤਾ ਇਨਡੈਕਸ ‘ਦਰਮਿਆਨੀ’ ਸ਼੍ਰੇਣੀ ਵਿੱਚ 109 ਦਰਜ ਕੀਤਾ ਗਿਆ। ਬਾਕੀ ਜਿਲ੍ਹਿਆਂ ਵਿੱਚ ਵੀ ਪੰਜਾਬ ਦਾ ਮੌਸਮ ਲਗਭਗ ਥੋੜੇ ਅੰਤਰ ਨਾਲ ਇੱਕੋ ਜਿਹਾ ਬਣਿਆ ਰਿਹਾ ਤੇ ਪੰਜਾਬ ਵਿੱਚ ਅਜੇ ਤੱਕ ਮੀਹ ਦੇ ਆਸਾਰ ਬਣਦੇ ਦਿਖਾਈ ਨਹੀਂ ਦੇ ਰਹੇ ਹਨ।

Related Stories

No stories found.
logo
Punjab Today
www.punjabtoday.com