ਕੀ ਹੈ ਡਾਇਰੈਕਟ ਸੀਡਿੰਗ ਆੱਫ ਰਾਈਸ ਯਾਨਿ ਝੋਨੇ ਦੀ ਸਿੱਧੀ ਬਿਜਾਈ ਟੈਕਨਾਲੋਜੀ?

ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਹੁੰਦੀ ਹੈ।
ਕੀ ਹੈ ਡਾਇਰੈਕਟ ਸੀਡਿੰਗ ਆੱਫ ਰਾਈਸ ਯਾਨਿ ਝੋਨੇ ਦੀ ਸਿੱਧੀ ਬਿਜਾਈ ਟੈਕਨਾਲੋਜੀ?

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸ ਦਾ ਕਾਰਨ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਹੋ ਸਕੇਗੀ ਅਤੇ ਪੰਜਾਬ ਜਿਸ ਦੇ ਵਿਚ ਪਾਣੀ ਦਾ ਪੱਧਰ ਪਹਿਲਾਂ ਤੋਂ ਹੀ ਘਟ ਰਿਹਾ ਹੈ ਦਾ ਕੁਝ ਹਿੱਸਾ ਬਚ ਜਾਵੇਗਾ।

ਜੇਕਰ ਅਸੀਂ ਝੋਨੇ ਦੀ ਬਿਜਾਈ ਦੀ ਗੱਲ ਕਰੀਏ ਤਾਂ ਝੋਨੇ ਦੀ ਬਿਜਾਈ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਇਨ੍ਹਾਂ ਵਿਚੋਂ ਇੱਕ ਹੈ ਟਰਾਂਸਪਲਾਂਟਿੰਗ ਆੱਫ ਰਾਈਸ ਅਤੇ ਦੂਜੀ ਹੈ ਡਾਇਰੈਕਟ ਸੀਡਿੰਗ ਆੱਫ ਰਾਈਸ। ਟਰਾਂਸਪਲਾਂਟਿੰਗ ਦੇ ਵਿੱਚ ਪਹਿਲਾਂ ਝੋਨੇ ਦੇ ਬੀਜਾਂ ਨੂੰ ਕਿਸੇ ਨਰਸਰੀ ਦੇ ਵਿੱਚ ਬੀਜਿਆ ਜਾਂਦਾ ਹੈ ਅਤੇ ਬੀਜਣ ਦੇ ਪੰਦਰਾਂ ਤੋਂ ਚਾਲੀ ਦਿਨਾਂ ਬਾਅਦ ਖੇਤਾਂ ਵਿੱਚ ਟਰਾਂਸਪਲਾਂਟ ਕੀਤਾ ਜਾਂਦਾ ਹੈ। ਟਰਾਂਸਪਲਾਂਟ ਕਰਨ ਦਾ ਕਾਰਨ ਇਹ ਹੈ ਕਿ ਨਸਲੀ ਦੇ ਵਿੱਚ ਜਦੋਂ ਝੋਨੇ ਦਾ ਬੀਜ ਜਰਮੀਨੇਟ ਹੋ ਕੇ ਚੱਲ ਪੈਂਦਾ ਹੈ, ਉਸ ਤੋਂ ਬਾਅਦ ਉਸ ਬੂਟੇ ਨੂੰ ਖੇਤ ਵਿੱਚ ਲਗਾਇਆ ਜਾਂਦਾ ਹੈ ਤਾਂ ਜੋ ਖੇਤ ਵਿੱਚ ਉੱਗ ਰਹੀ ਅਣਚਾਹੀ ਬੂਟੀ ਝੋਨੇ ਦੀ ਫ਼ਸਲ ਉੱਤੇ ਭਾਰੂ ਨਾ ਪੈ ਸਕੇ।

ਦੂਜਾ ਕਾਰਨ ਹੈ ਕਿ ਇਸ ਤਰੀਕੇ ਨਾਲ ਫਸਲ ਜ਼ਿਆਦਾ ਹੁੰਦੀ ਹੈ। ਟਰਾਂਸਪਲਾਂਟਿੰਗ ਚੀਨ ਦੇ ਕਈ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ। ਪਰ ਟਰਾਂਸਪਲਾਂਟਿੰਗ ਦਾ ਇੱਕ ਬਹੁਤ ਵੱਡਾ ਨੁਕਸਾਨ ਹੈ ਕਿ ਇਸ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਅਸੀਂ ਪੰਜਾਬ ਦੇ ਕਲਾਈਮੇਟ ਦੀ ਗੱਲ ਕਰੀਏ ਤਾਂ ਪੰਜਾਬ ਸੈਮੀ ਐਰਿਡ ਕਲਾਈਮੇਟ ਵਿੱਚ ਪਾਇਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਪੰਜਾਬ ਦੇ ਵਿੱਚ ਵਰਖਾ ਦੂਜੇ ਕਈ ਰਾਜਾਂ ਨਾਲੋਂ ਕਾਫ਼ੀ ਘੱਟ ਹੁੰਦੀ ਹੈ। ਤੇ ਝੋਨੇ ਦੀ ਫ਼ਸਲ ਅਜਿਹੀ ਹੈ ਜਿਸ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਹੈ। ਪੰਜਾਬ ਵਿੱਚ ਟਰਾਂਸਪਲਾਂਟਿੰਗ ਆੱਫ ਰਾਈਸ ਹੀ ਜ਼ਿਆਦਾ ਤੌਰ ਤੇ ਹੋ ਰਹੀ ਹੈ ਜਿਸ ਕਾਰਨ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ।

ਦੂਜਾ ਤਰੀਕਾ ਹੈ ਡਾਇਰੈਕਟ ਸੀਡਿੰਗ ਆੱਫ਼ ਰਾਈਸ। ਇਸ ਦੇ ਵਿੱਚ ਫ਼ਸਲ ਦੇ ਬੀਜ ਨੂੰ ਸਿੱਧਾ ਖੇਤਾਂ ਵਿੱਚ ਹੀ ਬੀਜਿਆ ਜਾਂਦਾ ਹੈ ਅਤੇ ਕੋਈ ਪਹਿਲਾਂ ਨਰਸਰੀ ਪਲਾਂਟੇਸ਼ਨ ਨਹੀਂ ਹੁੰਦੀ। ਡਾਇਰੈਕਟ ਸੀਡਿੰਗ ਹੱਥਾਂ ਨਾਲ ਵੀ ਹੋ ਸਕਦੀ ਹੈ ਅਤੇ ਇਸ ਲਈ ਟਰੈਕਟਰ ਵੀ ਆਉਂਦੇ ਹਨ। ਟਰੈਕਟਰ ਮਸ਼ੀਨ ਦੇ ਵਿੱਚ ਬੀਜ ਪਾਏ ਜਾਂਦੇ ਹਨ ਅਤੇ ਟਰੈਕਟਰ ਚਲਦਾ ਜਾਂਦਾ ਹੈ ਅਤੇ ਬੀਜ ਮਸ਼ੀਨ ਰਾਹੀਂ ਧਰਤੀ ਦੇ ਵਿੱਚ ਬੋਏ ਜਾਂਦੇ ਹਨ। ਇਸ ਤਕਨੀਕ ਰਾਹੀਂ ਪੱਚੀ ਫ਼ੀਸਦ ਤਕ ਪਾਣੀ ਬਚ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਝੋਨੇ ਦੀ ਫ਼ਸਲ ਬਿਹਾਰ ਨਾਲੋਂ ਭਾਵੇਂ ਕਈ ਜ਼ਿਆਦਾ ਗੁਣਾਂ ਉੱਗਦੀ ਹੈ ਪਰ ਜੇਕਰ ਇਸਦੀ ਵਾਟਰ ਪ੍ਰੋਡਕਟੀਵਿਟੀ ਦੇਖੀ ਜਾਵੇ ਤਾਂ ਉਹ ਬਿਹਾਰ ਨਾਲੋਂ ਬਹੁਤ ਘੱਟ ਹੈ। ਵਾਟਰ ਪ੍ਰੋਡਕਟੀਵਿਟੀ ਤੋਂ ਭਾਵ ਹੈ ਕਿ ਕਿੰਨੇ ਪਾਣੀ ਨਾਲ ਫ਼ਸਲ ਉੱਗਦੀ ਹੈ। ਬਿਹਾਰ ਜਿੱਥੇ ਮੀਂਹ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ, ਉੱਥੇ ਜ਼ਮੀਨਾਂ ਵਿਚੋਂ ਪਾਣੀ ਕੱਢਣ ਦੀ ਲੋੜ ਨਹੀਂ ਪੈਂਦੀ। ਪਰ ਪੰਜਾਬ ਦੇ ਵਿੱਚ ਸਬਮਰਸੀਬਲਾਂ ਨਾਲ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ।

ਇਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਇਰੈਕਟ ਸੀਡਿੰਗ ਆਫ ਰਾਈਸ ਕਰਨ ਨੂੰ ਕਿਹਾ ਹੈ ਅਤੇ ਇਸ ਨੂੰ ਕਰਨ ਵਾਲੇ ਕਿਸਾਨ ਨੂੰ ਪੰਦਰਾਂ ਸੌ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸਾਡੇ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਦਾ ਸਾਥ ਦੇਣ ਤਾਂ ਜੋ ਪੰਜਾਬ ਵਿੱਚੋਂ ਘਟ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ ਸੁਥਰਾ ਪਾਣੀ ਦੇ ਕੇ ਜਾਈਏ।

Related Stories

No stories found.
logo
Punjab Today
www.punjabtoday.com