
ਖੁਸ਼ਵੰਤ ਸਿੰਘ ਜੋ ਕਿ ਅੰਗਰੇਜ਼ੀ ਦੇ ਬਹੁਤ ਪ੍ਰਸਿੱਧ ਲੇਖਕ ਸਨ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪ੍ਰਚੱਲਤ ਸਨ। ਉਹ ਖ਼ੁਦ ਆਪਣੇ ਬਾਰੇ ਲਿਖਦੇ ਹੋਏ ਆਖਦੇ ਹਨ ਕਿ ਉਨ੍ਹਾਂ ਦਾ ਸਮਾਜ ਵਿੱਚ ਅਕਸ ਇਕ ਬਹੁਤ ਸ਼ਰਾਬੀ ਵਿਅਕਤੀ ਵਾਲਾ ਹੈ। ਆਪਣੀ ਪ੍ਰਸਿੱਧ ਕਿਤਾਬ ਸੈਕਸ, ਸਕਾਚ ਐਂਡ ਸਕਾਲਰਸ਼ਿਪ ਵਿਚ ਉਨ੍ਹਾਂ ਲਿਖਿਆ ਹੈ ਕਿ ਭਾਵੇਂ ਉਹ ਪਿਛਲੇ ਪੰਜਾਹ ਸਾਲਾਂ ਤੋਂ ਸ਼ਰਾਬ ਪੀ ਰਹੇ ਹਨ ਪਰ ਜ਼ਿੰਦਗੀ ਵਿੱਚ ਇੱਕ ਵਾਰ ਵੀ ਸ਼ਰਾਬੀ ਨਹੀਂ ਹੋਏ। ਉਹ ਕਹਿੰਦੇ ਸਨ ਕਿ ਸ਼ਾਮ ਜਦੋਂ ਹੁੰਦੀ ਹੈ ਤਾਂ ਮੈਂ ਆਪਣੀ ਸਕਾਚ ਲਈ ਤਾਂਘਦਾ ਹਾਂ। ਸਕਾਚ ਉਨ੍ਹਾਂ ਨੂੰ ਕਸਰਤ ਅਤੇ ਹਲਕੇ ਜਿਹੇ ਭੋਜਨ ਤੋਂ ਬਾਅਦ ਧੁਰ ਅੰਦਰ ਤਕ ਨਿੱਘ ਦਿੰਦੀ ਜਾਪਦੀ ਹੈ। ਉਹ ਇਹ ਵੀ ਕਹਿੰਦੇ ਸਨ ਕਿ ਜੇਕਰ ਮੌਕਾ ਮਿਲੇ ਤਾਂ ਮੈਂ ਸੰਗੀਤ ਸੁਣਦੇ ਹੋਏ ਜਾਂ ਟੀਵੀ ਦੇਖਦੇ ਹੋਏ ਇਕੱਲੇ ਹੀ ਪੀਣੀ ਪਸੰਦ ਕਰਦਾ ਹਾਂ ਪ੍ਰੰਤੂ ਮੈਂ ਬਹੁਤ ਘੱਟ ਇਕੱਲਾ ਹੁੰਦਾ ਹਾਂ ਅਤੇ ਮੇਰੇ ਨਾਲ ਪੀਣ ਵਾਲਿਆਂ ਦੀ ਮਹਿਫ਼ਲ ਹੁੰਦੀ ਹੈ। ਉਨ੍ਹਾਂ ਦੱਸਿਆ ਸੀ ਕਿ ਮੈਂ ਸਫ਼ਾਰਤੀ ਭਾਈਚਾਰੇ ਦੁਆਰਾ ਦਿੱਤੀਆਂ ਜਾਣ ਵਾਲੀਆਂ ਕਾਕਟੇਲ ਪਾਰਟੀਆਂ ਵਿੱਚ ਬਹੁਤ ਘਟ ਜਾਂਦਾ ਹਾਂ ਜਾਂ ਕੇਵਲ ਉਸ ਸਮੇਂ ਜਾਂਦਾ ਹਾਂ ਜਦ ਮੇਰਾ ਸਕਾਚ ਦਾ ਭੰਡਾਰ ਘਟ ਰਿਹਾ ਹੋਵੇ ਅਤੇ ਉਦੋਂ ਵੀ ਮੈਂ ਸਿਰਫ਼ ਉਤਨੀ ਦੇਰ ਬੈਠਦਾ ਹਾਂ ਜਦ ਤਕ ਸਕਾਚ ਦੇ ਤਿੰਨ ਵੱਡੇ ਪੈੱਗਾਂ ਦਾ ਮੇਰਾ ਕੋਟਾ ਪੂਰਾ ਨਾ ਹੋ ਜਾਵੇ ਅਤੇ ਫਿਰ ਘਰ ਵਾਪਸ ਆ ਜਾਂਦਾ ਹਾਂ।
ਖੁਸ਼ਵੰਤ ਸਿੰਘ ਇਹ ਕਹਿੰਦੇ ਸਨ ਕਿ ਮੈਨੂੰ ਬੜੇ ਰੁੱਖੇ ਵਰਤਾਓ ਵਾਲਾ ਵਿਅਕਤੀ ਸਮਝਿਆ ਜਾਂਦਾ ਹੈ ਅਤੇ ਇਸ ਵਿੱਚ ਕਾਫ਼ੀ ਸੱਚਾਈ ਵੀ ਹੈ। ਮੈਂ ਆਪਣੀ ਦਾਰੂ ਅਤੇ ਖਾਣੇ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਹੈ ਅਤੇ ਜੇਕਰ ਮੇਰਾ ਮੇਜ਼ਬਾਨ ਇਸ ਤੇ ਪੂਰਾ ਨਾ ਉਤਰੇ ਤਾਂ ਮੈਂ ਛੱਡ ਕੇ ਆ ਜਾਂਦਾ ਹਾਂ। ਉਨ੍ਹਾਂ ਦਾ ਦੱਸਣਾ ਸੀ ਕਿ ਮੈਂ ਆਪਣੇ ਘਰ ਵਿਚ ਵੀ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਡਿਨਰ ਪਾਰਟੀਆਂ ਆਯੋਜਿਤ ਕਰਦਾ ਹਾਂ। ਮੈਂ ਇਹ ਗੱਲ ਯਕੀਨੀ ਬਣਾਉਂਦਾ ਹਾਂ ਕਿ ਮੇਰੇ ਮਹਿਮਾਨ ਸਮੇਂ ਸਿਰ ਪਹੁੰਚਣ ਅਤੇ 9 ਵਜੇ ਤੋਂ ਪਹਿਲਾਂ ਪਹਿਲਾਂ ਚਲੇ ਜਾਣ। ਉਹ ਅਜਿਹਾ ਕਰਦੇ ਸਨ ਅਤੇ ਛੇਤੀ ਵਿਹਲੇ ਹੋ ਕੇ ਬੜੇ ਖੁਸ਼ ਹੁੰਦੇ ਸਨ। ਉਹ ਇਹ ਵੀ ਦੱਸਦੇ ਸਨ ਕਿ ਮੈਂ ਦੂਰਦਰਸ਼ਨ ਤੋਂ ਅੰਗਰੇਜ਼ੀ ਵਿੱਚ ਖ਼ਬਰਾਂ ਸੁਣਦਾ ਹਾਂ ਅਤੇ ਨੀਂਦ ਲਿਆਉਣ ਲਈ ਕਿਸੇ ਸ਼ਬਦ ਪਹੇਲੀ ਨੂੰ ਸੁਲਝਾਉਣ ਦਾ ਯਤਨ ਕਰਦਾ ਹਾਂ।
ਖੁਸ਼ਵੰਤ ਸਿੰਘ ਅਨੁਸਾਰ ਉਨ੍ਹਾਂ ਨੂੰ ਪੀਣ ਵਿੱਚ ਚਾਲੀ ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਅਤੇ ਉਹ ਇਹ ਗੱਲ ਜ਼ੋਰ ਦੇ ਕੇ ਆਖਦੇ ਹਨ ਕਿਵੇਂ ਆਪਣੇ ਸਾਰੇ ਜੀਵਨ ਵਿਚ ਇਕ ਵਾਰ ਵੀ ਸ਼ਰਾਬੀ ਨਹੀਂ ਹੋਇਆ। ਉਹ ਕਹਿੰਦੇ ਸਨ ਕਿ ਮੈਂ ਸਰੂਰ ਵਿੱਚ ਜ਼ਰੂਰ ਆਉਂਦਾ ਹਾਂ ਅਤੇ ਵਧੇਰੇ ਗੱਲਾਂ ਕਰਦਾ ਹਾਂ ਅਤੇ ਇਸ਼ਕ ਮਜਾਜੀ ਹੋ ਜਾਂਦਾ ਹੈ। ਪਰ ਮੈਂ ਕਦੇ ਵੀ ਆਪੇ ਤੋਂ ਬਾਹਰ ਨਹੀਂ ਹੋਇਆ, ਲੜਖੜਾਇਆ ਨਹੀਂ ਅਤੇ ਬਕਵਾਸ ਨਹੀਂ ਮਾਰੀ। ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਅਗੇਤੀ ਸੂਚਨਾ ਤੋਂ ਸਾਡੇ ਘਰ ਕੋਈ ਮਹਿਮਾਨ ਨਹੀਂ ਆਉਂਦਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਭਿੰਨ ਭਿੰਨ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਖਾਂਦੇ ਹਾਂ ਜਿਨ੍ਹਾਂ ਵਿਚ ਫਰਾਂਸੀਸੀ, ਚੀਨੀ, ਇਤਾਲਵੀ, ਦੱਖਣੀ ਭਾਰਤੀ ਅਤੇ ਕਦੇ ਕਦੇ ਪੰਜਾਬੀ ਭੋਜਨ ਵੀ ਹੁੰਦੇ ਹਨ। ਖੁਸ਼ਵੰਤ ਸਿੰਘ ਆਖਦੇ ਸਨ ਕਿ ਮੈਂ ਬਿਨਾਂ ਸਕਾਚ ਤੋਂ ਹੋਰ ਕੋਈ ਵੀ ਦਾਰੂ ਨਹੀਂ ਪੀਂਦਾ ਅਤੇ ਜੇਕਰ ਮੈਨੂੰ ਕੋਈ ਪਾਰਟੀ ਦਾ ਸੱਦਾ ਦਿੰਦਾ ਹੈ ਤਾਂ ਮੈਂ ਉਸ ਤੋਂ ਪਹਿਲਾਂ ਪੁੱਛ ਲੈਂਦਾ ਹਾਂ ਕਿ ਕੀ ਤੁਹਾਡੇ ਪਾਸ ਸਕਾਚ ਉਪਲੱਬਧ ਹੈ। ਜੇਕਰ ਮੇਰੇ ਬੁਲਾਉਣ ਵਾਲਾ ਕੋਈ ਬਹੁਤ ਮੇਰਾ ਖ਼ਾਸ ਹੋਵੇ ਤਾਂ ਮੈਂ ਉਸ ਪਾਸ ਚਲਾ ਜਾਂਦਾ ਹਾਂ ਅਤੇ ਸਕਾਚ ਆਪਣੇ ਕੋਲੋਂ ਨਾਲ ਲੈ ਜਾਂਦਾ ਹਾਂ।
ਉਹ ਇਹ ਵੀ ਆਖਦੇ ਸਨ ਕਿ ਸਕਾਚ ਪੀਣ ਨਾਲ ਜਿਸ ਤਰੀਕੇ ਦਾ ਆਨੰਦ ਮੈਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸ਼ਬਦਾਂ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਪਰ ਮੇਰੀ ਸਕਾਚ ਪੀਣ ਦੀ ਇਕ ਆਪਣੀ ਮਰਿਆਦਾ ਅਤੇ ਅਨੁਸ਼ਾਸਨ ਹੈ ਜਿਸ ਨੂੰ ਮੈਂ ਕਦੇ ਵੀ ਭੰਗ ਨਹੀਂ ਕੀਤਾ। ਮੈਂ ਸਕਾਚ ਪੀਣ ਤੋਂ ਬਾਅਦ ਵੀ ਗੰਭੀਰ ਕਿਸਮ ਦੀ ਪੜ੍ਹਾਈ ਕਰਦਾ ਹਾਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਲਿਖਤਾਂ ਲਿਖਦਾ ਹਾਂ। ਮੇਰੇ ਜੀਵਨ ਵਿੱਚ ਇਹ ਇੱਕ ਵਾਰ ਵੀ ਨਹੀਂ ਹੋਇਆ ਕਿ ਮੈਂ ਸਕਾਚ ਪੀ ਕੇ ਦੇਰ ਤੱਕ ਸੁੱਤਾ ਰਿਹਾ ਹੋਵਾਂ ਕਿਉਂਕਿ ਮੈਂ ਸਵੇਰੇ ਚਾਰ ਤੋਂ ਪੰਜ ਵਜੇ ਦਰਮਿਆਨ ਹਮੇਸ਼ਾ ਉੱਠਦਾ ਹਾਂ ਅਤੇ ਹਮੇਸ਼ਾਂ ਹੀ ਸਰੀਰਕ ਤੌਰ ਤੇ ਤੰਦਰੁਸਤ ਅਤੇ ਚੁਸਤ ਦਰੁਸਤ ਰਿਹਾ ਹਾਂ। ਉਨ੍ਹਾਂ ਅਖੀਰ ਵਿੱਚ ਲਿਖਿਆ ਸੀ ਕਿ ਹੁਣ ਤੁਸੀਂ ਹੀ ਦੱਸੋ ਜੋ ਲੋਕ ਮੈਨੂੰ ਸ਼ਰਾਬੀ ਆਖਦੇ ਹਨ ਕੀ ਮੈਂ ਸੱਚਮੁੱਚ ਸ਼ਰਾਬੀ ਹਾਂ? ਬਿਲਕੁਲ ਵੀ ਨਹੀਂ ਕਿਉਂਕਿ ਮੈਂ ਬੜੇ ਅਨੁਸ਼ਾਸਨ ਮਈ ਤਰੀਕੇ ਨਾਲ ਚੰਗੀ ਕਿਸਮ ਦੇ ਅਤੇ ਚੰਗੇ ਲੋਕਾਂ ਵਿਚ ਬੈਠ ਕੇ ਸ਼ਰਾਬ ਪੀਂਦਾ ਹਾਂ ਅਤੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਬੁਰਾ ਨਹੀਂ ਸਮਝਦਾ। ਇਸ ਤਰੀਕੇ ਨਾਲ ਖੁਸ਼ਵੰਤ ਸਿੰਘ ਨੇ ਆਪਣੇ ਬਾਰੇ ਬਹੁਤ ਖੁੱਲ੍ਹੇ ਤਰੀਕੇ ਨਾਲ ਆਪਣੀ ਸਕਾਚ ਦਾ ਅਤੇ ਸਕਾਚ ਪੀਣ ਦੇ ਢੰਗ ਤਰੀਕੇ ਦਾ ਵਰਣਨ ਕੀਤਾ ਹੈ।