
ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਵਸੀਮ ਅਕਰਮ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਸਾਬਕਾ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਇਨ੍ਹੀਂ ਦਿਨੀਂ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਜਾਵੇਦ ਅਖਤਰ ਦੇ ਪਾਕਿਸਤਾਨ ਨੂੰ ਲੈ ਕੇ ਹਾਲੀਆ ਬਿਆਨ ਬਾਰੇ ਪੁੱਛਿਆ ਗਿਆ।
ਵਸੀਮ ਨੇ ਕਿਹਾ ਕਿ ਉਹ ਇੱਥੇ ਕਿਸੇ ਸਿਆਸੀ ਮੁੱਦੇ 'ਤੇ ਗੱਲ ਕਰਨ ਨਹੀਂ ਆਏ ਹਨ। ਉਸਨੇ ਬੱਸ ਆਪਣੀ ਫਿਲਮ ਬਾਰੇ ਗੱਲ ਕਰਨੀ ਹੈ। ਵਸੀਮ ਨੇ ਕਿਹਾ ਕਿ ਉਹ ਭਾਰਤੀ ਡੋਸਾ ਨੂੰ ਬਹੁਤ ਯਾਦ ਕਰਦਾ ਹੈ, ਕਿਉਂਕਿ ਡੋਸਾ ਪਾਕਿਸਤਾਨ ਵਿੱਚ ਉਪਲਬਧ ਨਹੀਂ ਹੈ। ਕਰੀਬ ਦੋ ਦਹਾਕਿਆਂ ਤੱਕ ਆਪਣੀ ਗੇਂਦਬਾਜ਼ੀ ਨਾਲ ਕ੍ਰਿਕਟ ਜਗਤ 'ਚ ਦਹਿਸ਼ਤ ਪੈਦਾ ਕਰਨ ਵਾਲੇ ਵਸੀਮ ਅਕਰਮ ਨੇ ਹੁਣ ਸਿਨੇਮਾ ਜਗਤ 'ਚ ਛਾਲ ਮਾਰ ਦਿੱਤੀ ਹੈ। ਉਹ ਪਾਕਿਸਤਾਨੀ ਫਿਲਮ 'ਮਨੀ ਬੈਕ ਗਰੰਟੀ' 'ਚ ਨਜ਼ਰ ਆਉਣ ਵਾਲੇ ਹਨ।
ਇਸ ਫਿਲਮ 'ਚ ਉਨ੍ਹਾਂ ਨਾਲ ਫਵਾਦ ਖਾਨ ਵੀ ਨਜ਼ਰ ਆਉਣਗੇ। ਹੁਣ ਮੀਡਿਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵਸੀਮ ਨੂੰ ਜਾਵੇਦ ਅਖਤਰ ਦੇ ਲਾਹੌਰ ਬਿਆਨ ਬਾਰੇ ਸਵਾਲ ਕੀਤਾ ਗਿਆ ਸੀ। ਜਵਾਬ 'ਚ ਉਨ੍ਹਾਂ ਨੇ ਕਿਹਾ, 'ਜੇਕਰ ਮੈਂ ਕਿਸੇ ਹੋਰ ਦੇਸ਼ 'ਚ ਹੁੰਦਾ ਅਤੇ ਮੈਨੂੰ ਉੱਥੇ ਇਹ ਸਵਾਲ ਪੁੱਛਿਆ ਜਾਂਦਾ ਤਾਂ ਮੈਂ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਫਿਲਹਾਲ ਮੈਂ ਕਿਸੇ ਸਿਆਸੀ ਮੁੱਦੇ 'ਤੇ ਟਿੱਪਣੀ ਨਹੀਂ ਕਰਾਂਗਾ।
ਵਸੀਮ ਅਕਰਮ ਨੇ ਇਸ ਇੰਟਰਵਿਊ 'ਚ ਕਿਹਾ ਹੈ ਕਿ ਉਹ ਭਾਰਤ ਨੂੰ ਬਹੁਤ ਮਿਸ ਕਰਦੇ ਹਨ। ਉਸ ਨੇ ਕਿਹਾ, 'ਇੱਕ ਸਮਾਂ ਸੀ ਜਦੋਂ ਮੈਂ ਸਾਲ ਦੇ 7-8 ਮਹੀਨੇ ਉੱਥੇ ਰਹਿੰਦਾ ਸੀ। ਮੈਨੂੰ ਆਪਣੇ ਦੋਸਤਾਂ ਅਤੇ ਉੱਥੇ ਦੇ ਖਾਣੇ ਦੀ ਯਾਦ ਆਉਂਦੀ ਹੈ। ਖਾਸ ਤੌਰ ਤੇ ਭਾਰਤ ਦਾ ਡੋਸਾ, ਜੋ ਇੱਥੇ ਉਪਲਬਧ ਨਹੀਂ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਮੁੰਬਈ ਦੀ ਹਲਚਲ ਨੂੰ ਯਾਦ ਕਰ ਰਿਹਾ ਹਾਂ। ਉਮੀਦ ਹੈ ਕਿ ਅਸੀਂ ਯਕੀਨੀ ਤੌਰ 'ਤੇ ਦੁਬਾਰਾ ਉੱਥੇ ਜਾਵਾਂਗੇ। ਵਸੀਮ ਦੀ ਇਸ ਫਿਲਮ 'ਚ ਉਨ੍ਹਾਂ ਦੀ ਪਤਨੀ ਸ਼ਨੀਰਾ ਅਕਰਮ ਵੀ ਨਜ਼ਰ ਆਵੇਗੀ। ਉਨ੍ਹਾਂ ਭਾਰਤ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਸ਼ਨੀਰਾ ਨੇ ਕਿਹਾ, 'ਮੈਂ ਭਾਰਤ ਨੂੰ ਬਹੁਤ ਯਾਦ ਕਰਦੀ ਹਾਂ। ਅਸੀਂ ਵਿਆਹ ਤੋਂ ਬਾਅਦ ਚਾਰ ਸਾਲ ਭਾਰਤ ਵਿੱਚ ਰਹੇ। ਅਸੀਂ ਆਸਟ੍ਰੇਲੀਆ ਵਿੱਚ ਜਿੰਨਾ ਸਮਾਂ ਬਿਤਾਇਆ ਹੈ, ਉਸ ਤੋਂ ਵੱਧ ਸਮਾਂ ਭਾਰਤ ਵਿੱਚ ਬਿਤਾਇਆ ਹੈ। ਮੈਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ ਜੀ ਦੇ ਜਨਮ ਸਥਾਨ (ਅੰਮ੍ਰਿਤਸਰ) ਲੈ ਕੇ ਜਾਣਾ ਪਸੰਦ ਕਰਾਂਗੀ।